
ਜ਼ਿਲ੍ਹਾ ਸੰਗਰੂਰ ਵਿੱਚ ਪ੍ਰੇਗਾਬਾਲੀਨ 75 ਐਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ਉਤੇ ਮੁਕੰਮਲ ਪਾਬੰਦੀ
- by Jasbeer Singh
- March 13, 2025

ਜ਼ਿਲ੍ਹਾ ਸੰਗਰੂਰ ਵਿੱਚ ਪ੍ਰੇਗਾਬਾਲੀਨ 75 ਐਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ਉਤੇ ਮੁਕੰਮਲ ਪਾਬੰਦੀ ਸੰਗਰੂਰ, 13 ਮਾਰਚ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਮਿਤ ਬੈਂਬੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐਨ. ਐਸ. ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਪ੍ਰੇਗਾਬਾਲੀਨ 75 ਐਮ. ਜੀ. (Pregaballin 75 mg) ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ਉਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕ੍ਰਿਪਸ਼ਨ ਸਲਿੱਪ ਉਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ । ਹੁਕਮਾਂ ਵਿੱਚ ਦਰਜ ਹੈ ਕਿ ਸਿਵਲ ਸਰਜਨ ਵੱਲੋਂ ਆਪਣੇ ਪੱਤਰ ਰਾਹੀਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪ੍ਰੇਗਾਬਾਲੀਨ ਕੰਟੇਨਿੰਗ 300 ਐਮਜੀ (Pregaballin containing 300 mg) ਕੈਪਸੂਲ ਦੀ ਆਮ ਲੋਕਾਂ ਵੱਲੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਵੱਲੋਂ ਇਸ (ਸਿਗਨੇਚਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ) ਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਸਿਵਲ ਸਰਜਨ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਇਸ ਦੀ ਵਿਕਰੀ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ । ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਪਾਬੰਦੀ ਹੁਕਮ 9 ਮਈ 2025 ਤੱਕ ਲਾਗੂ ਰਹਿਣਗੇ ।