post

Jasbeer Singh

(Chief Editor)

Patiala News

ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ਟਰਾਂਸਪਲਾਂਟਿੰਗ 'ਤੇ ਮੁਕੰਮਲ ਪਾਬੰਦੀ : ਡਿਪਟੀ ਕਮਿਸ਼ਨਰ

post-img

ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ਟਰਾਂਸਪਲਾਂਟਿੰਗ 'ਤੇ ਮੁਕੰਮਲ ਪਾਬੰਦੀ : ਡਿਪਟੀ ਕਮਿਸ਼ਨਰ ਹੁਕਮਾਂ ਦੀ ਉਲੰਘਣਾਂ ਨਾ ਕਰਨ ਕਿਸਾਨ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇਣ ਦੀ ਅਪੀਲ ਸੰਗਰੂਰ, 7 ਜੂਨ : ਸ਼੍ਰੀ ਸੰਦੀਪ ਰਿਸ਼ੀ, ਡਿਪਟੀ ਕਮਿਸ਼ਨਰ, ਸੰਗਰੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਕਿਉਂਕਿ ਵਾਧੂ ਸਮਾਂ ਲੈਣ ਕਰ ਕੇ ਇਸ ਨਾਲ ਜਿਥੇ ਪਾਣੀ ਦੀ ਵੱਧ ਖਪਤ ਅਤੇ ਕੀੜੇਮਾਰ ਦਵਾਈਆਂ/ਖਾਦਾਂ ਦਾ ਖਰਚਾ ਜ਼ਿਆਦਾ ਹੁੰਦਾ ਹੈ, ਉੱਥੇ ਇਨ੍ਹਾਂ ਕਿਸਮਾਂ ਦੀ ਪਰਾਲੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਕਿਸਾਨ ਵੱਲੋਂ ਜ਼ਿਲ੍ਹੇ ਵਿੱਚ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ ਟਰਾਂਸਪਲਾਂਟਿੰਗ ਕੀਤੀ ਗਈ ਤਾਂ ਇਸ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਕਰਕੇ ਕਿਸਾਨ ਪੂਸਾ-44 ਅਤੇ ਪੀਲੀ ਪੂਸਾ ਕਿਸਮਾਂ ਦੀ ਬਿਜਾਈ/ ਟਰਾਂਸਪਲਾਂਟਿੰਗ ਨਾ ਕਰਨ। ਡਿਪਟੀ ਕਮਿਸ਼ਨਰ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਮੱਕੀ ਦੀ ਫ਼ਸਲ ਬੀਜਣ ਦੀ ਅਪੀਲ ਕੀਤੀ। ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਮੱਕੀ ਹੇਠ ਲਿਆਉਣ ਲਈ ਸਰਕਾਰ ਵੱਲੋਂ ਇਕ ਪਾਇਲਟ ਪ੍ਰੋਜੈਕਟ ਲਿਆਂਦਾ ਗਿਆ ਹੈ । ਇਸ ਪਾਇਲਟ ਪ੍ਰੋਜੈਕਟ ਤਹਿਤ ਪੰਜਾਬ ਦੇ 6 ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਵਿੱਚ 10000 ਹੈਕਟੇਅਰ ਰਕਬੇ ਵਿੱਚ ਕਿਸਾਨਾਂ ਨੂੰ ਝੋਨੇ ਤੋਂ ਬਦਲ ਕੇ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਹੈ। ਇਸ ਬਦਲੇ ਕਿਸਾਨਾਂ ਨੂੰ 17500/- ਪ੍ਰਤੀ ਹੈਕਟੇਅਰ ਪ੍ਰੋਤਸ਼ਾਹਨ ਰਾਸ਼ੀ ਦਿੱਤੀ ਜਾਵੇਗੀ ਅਤੇ ਮੱਕੀ ਦੀ 2400 ਰੁਪਏ ਐਮ.ਐਸ.ਪੀ. 'ਤੇ ਖਰੀਦ ਯਕੀਨੀ ਬਣਾਈ ਜਾਵੇਗੀ । ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਗੁਰਦਾਸਪੁਰ ਵਿੱਚ 2000-2000 ਹੈਕਟੇਅਰ, ਪਠਾਨਕੋਟ, ਜਲੰਧਰ, ਬਠਿੰਡਾ ਅਤੇ ਕਪੂਰਥਲਾ ਵਿੱਚ 1500-1500 ਹੈਕਟੇਅਰ ਝੋਨੇ ਵਾਲੀ ਖੇਤਾਂ ਵਿਚ ਮੱਕੀ ਦੀ ਖੇਤੀ ਕਰਾਉਣ ਦਾ ਟੀਚਾ ਹੈ। ਸਿਰਫ ਉਹਨਾਂ ਖੇਤਾਂ ਵਿੱਚ ਹੀ ਮੱਕੀ ਬਿਜਵਾਈ ਜਾਵੇਗੀ ਜਿੱਥੇ ਪਹਿਲਾਂ ਝੋਨਾ ਬੀਜਿਆ ਜਾਂਦਾ ਰਿਹਾ ਹੈ । ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਸਿਡੀ "ਪਹਿਲਾਂ ਆਓ, ਪਹਿਲਾਂ ਪਾਓ " ਦੇ ਆਧਾਰ 'ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇਹ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਵਿੱਚ ਨਵੀਂ ਉਮੀਦ ਜਗਾਉਣ ਦਾ ਮੌਕਾ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਸਰਕਾਰ ਅਜਿਹੀ ਪ੍ਰੋਤਸਾਹਨ ਰਾਸ਼ੀ ਦੇ ਰਹੀ ਹੈ । ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਮੱਕੀ ਦੀ ਖੇਤੀ ਨੂੰ ਨਵੀਂ ਉਚਾਈਆਂ 'ਤੇ ਲੈ ਜਾਣ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਕਿਸਾਨ ਵੀਰ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਧਿਕਾਰੀ, ਬਲਾਕ ਖੇਤੀਬਾੜੀ ਅਫਸਰ ਅਤੇ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਨਾਲ ਵੀ ਸੰਪਰਕ ਕਰ ਸਕਦੇ ਹਨ।

Related Post

Instagram