
ਘੱਗਰ ਦਰਿਆ ਦੀ ਸਥਿਤੀ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਾਇਜ਼ਾ
- by Jasbeer Singh
- September 1, 2025

ਘੱਗਰ ਦਰਿਆ ਦੀ ਸਥਿਤੀ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਾਇਜ਼ਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਡੇਰਾਬੱਸੀ, 1 ਸਤੰਬਰ 2025 : ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਬਣੇ ਘੱਗਰ ਪੁੱਲ ਉੱਤੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ, ਕਿਉਂਕਿ ਸਥਾਨਕ ਪ੍ਰਸ਼ਾਸਨ ਹਰ ਸਥਿਤੀ ਦਾ ਸਾਮਨਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਪਿੰਡ ਛੱਤ ਨੇੜੇ ਬਨੂੰੜ ਵੀਅਰ ਦੇ ਫਲੱਡ ਗੇਟਸ ਦਾ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਸ. ਰੰਧਾਵਾ ਨੇ ਆਦੇਸ਼ ਦਿੱਤਾ ਕਿ ਪਿੰਡਾਂ ਨੂੰ ਬਚਾਉਣ ਲਈ ਸੰਭਵ ਤੌਰ ‘ਤੇ ਘੱਟ ਤੋਂ ਘੱਟ ਪਾਣੀ ਛੱਡਿਆ ਜਾਵੇ । ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਲਗਾਤਾਰ ਦੂਜੇ ਦਿਨ ਜਾਇਜ਼ਾ ਲੈ ਕੇ ਰੰਧਾਵਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਐਮਰਜੈਂਸੀ ਲਈ ਪੂਰੀ ਤਿਆਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ । ਇਸ ਤੋਂ ਬਾਅਦ ਵਿਧਾਇਕ ਰੰਧਾਵਾ ਪਿੰਡ ਖਜੂਰ ਮੰਡੀ ਤੇ ਸਾਧਾਪੁਰ ਵੀ ਪਹੁੰਚੇ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਗਿਰਦਾਵਰੀ ਕਰਵਾ ਕੇ ਹੋਣ ਵਾਲੇ ਨੁਕਸਾਨ ਦੀ ਪੂਰੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਸਾਨ ਭਰਾਵਾਂ ਅਤੇ ਪਿੰਡ ਵਸਨੀਕਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ । ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਪ੍ਰਧਾਨ ਨਾਲ ਮੁਬਾਰਿਕਪੁਰ ਕਾਜ਼ਵੇਅ ਵਿਖੇ ਪਹੁੰਚ, ਮੌਜੂਦਾ ਹਾਲਾਤ ਦੇਖੇ ਤੇ ਨੇੜੇ ਰਹਿੰਦੇ ਝੁਗੀਆਂ ਦੇ ਨਿਵਾਸੀਆਂ ਨੂੰ ਰਾਹਤ ਸਮੱਗਰੀ ਦਿੱਤੀ ।