
ਪ੍ਰਵਾਸੀ ਭਾਰਤੀਆਂ ਦੇ ਦਸਤਾਵੇਜਾਂ ‘ਤੇ ਕਾਊਂਟਰ ਸਾਈਨ ਹੁਣ ਹੋਵੇਗਾ ਆਨਲਾਈਨ: ਡਿਪਟੀ ਕਮਿਸ਼ਨਰ
- by Jasbeer Singh
- August 22, 2024

ਪ੍ਰਵਾਸੀ ਭਾਰਤੀਆਂ ਦੇ ਦਸਤਾਵੇਜਾਂ ‘ਤੇ ਕਾਊਂਟਰ ਸਾਈਨ ਹੁਣ ਹੋਵੇਗਾ ਆਨਲਾਈਨ: ਡਿਪਟੀ ਕਮਿਸ਼ਨਰ ਸੰਗਰੂਰ, 22 ਅਗਸਤ : ਪੰਜਾਬ ਸਰਕਾਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਐਨ.ਆਰ.ਆਈ ਦੇ ਹਦਾਇਤਾਂ ਅਨੁਸਾਰ ਪ੍ਰਵਾਸੀ ਭਾਰਤੀਆਂ ਦੇ ਹਰ ਤਰ੍ਹਾਂ ਦੇ ਦਸਤਾਵੇਜਾਂ ਤੇ ਕਾਉਂਟਰ ਸਾਈਨ ਦਾ ਕੰਮ 31 ਅਗਸਤ 2024 ਤੋਂ ਬਾਅਦ ਕੇਵਲ ਆਨਲਾਈਨ ਵਿਧੀ ਰਾਹੀਂ ਹੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਕਾਉਂਟਰ ਸਾਈਨ ਦਾ ਕੰਮ ਕਰਵਾਉਣ ਲਈ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਜਿਸਦੇ ਸਥਾਈ ਹੱਲ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਹ ਕੰਮ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ 31 ਅਗਸਤ ਤੋਂ ਬਾਅਦ ਪ੍ਰਵਾਸੀ ਭਾਰਤੀ ਸਬੰਧਤ ਡਿਪਟੀ ਕਮਿਸ਼ਨਰ ਤੋਂ ਆਪਣੇ ਬਾਹਰ ਜਾਣ ਵਾਸਤੇ ਲੋੜੀਂਦੇ ਦਸਤਾਵੇਜਾਂ ਤੇ ਕਾਊਂਟਰ ਸਾਈਨ ਕਰਵਾਉਣ ਲਈ E-sanad Portal (https://esanad.nic.in) ਰਾਹੀਂ ਹੀ ਅਪਲਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੇਵਲ ਆਨਲਾਈਨ ਪ੍ਰਾਪਤ ਹੋਈਆਂ ਦਰਖਾਸਤਾਂ ‘ਤੇ ਹੀ ਕਾਊਂਟਰ ਸਾਈਨਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਦਸਤਾਵੇਜ ਆਫਲਾਈਨ ਪ੍ਰਾਪਤ ਨਹੀਂ ਕੀਤੇ ਜਾਣਗੇ ।