
ਹੋਲੀ ਮੌਕੇ ਹੁੱਲੜਬਾਜਾਂ ਦੇ ਪੁਲਸ ਨੇ 50 ਤੋਂ ਜ਼ਿਆਦਾ ਕੀਤੇ ਗਏ ਚਲਾਨ
- by Jasbeer Singh
- March 26, 2024

ਪਟਿਆਲਾ, 26 ਮਾਰਚ (ਜਸਬੀਰ)-ਹੋਲੀ ਮੌਕੇ ਪਟਿਆਲਾ ਪੁਲਸ ਨੇ ਹੁੱਲੜਬਾਜਾਂ ਦੀ ਜੰਮ ਕੇ ਸਾਰ ਲਈ ਤੇ 50 ਤੋਂ ਜ਼ਿਆਦਾ ਇਕ ਦਿਨ ਵਿਚ ਚਲਾਨ ਕੀਤੇ ਗਏ, ਜਿਨ੍ਹਾਂ ’ਚ ਟਿ੍ਰਪਲ ਰਾਈਡਿੰਗ, ਹੁੱਲੜਬਾਜੀ ਕਰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਐਸ. ਐਸ. ਪੀ. ਵਰੁਣ ਸ਼ਰਮਾ ਨੇ 50 ਤੋਂ ਵਧ ਥਾਵਾਂ ’ਤੇ ਨਾਕਾਬੰਦੀ ਕਰਵਾਈ ਸੀ, ਜਿਥੇ ਪੁਲਸ ਨੂੰ ਸਵੇਰੇ ਹੀ ਵੱਖ-ਵੱਖ ਪਾਰਟੀਆਂ ਵਿਚ ਵੰਡ ਕੇ ਸ਼ਹਿਰ ਦੇ ਹਰੇਕ ਕੋਨੇ ’ਤੇ ਤਾਇਨਾਤ ਕਰ ਦਿੱਤਾ ਗਿਆ। ਖਾਸ ਤੌਰ ’ਤੇ ਅੰਦਰੂਨੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਕਿਉਕਿ ਕਾਫੀ ਜ਼ਿਆਦਾ ਭੀੜ ਭੜਕੇ ਵਾਲਾ ਤੇ ਸੰਘਣੀ ਆਬਾਦੀ ਹੋਣ ਨਾਲ ਇਥੇ ਹੁੱਲੜਬਾਜੀ ਦੀ ਸੰਭਾਵਨਾ ਜ਼ਿਆਦਾ ਬਣੀ ਰਹਿੰਦੀ ਹੈ। ਥਾਣਾ ਕੋਤਵਾਲੀ, ਲਾਹੌਰੀ ਗੇਟ, ਸਿਵਲ ਲਾਈਨ ਅਤੇ ਸਬਜੀ ਮੰਡੀ ਦੇ ਥਾਣਾ ਮੁਖੀਆਂ ਨੂੰ ਆਪਣੀਆਂ ਪੁਲਸ ਪਾਰਟੀਆਂ ਸਮੇਤ ਪੂਰਾ ਦਿਨ ਤਾਇਨਾਤ ਕਰਕੇ ਰੱਖਿਆ। ਪੁਲਸ ਨੇ ਜ਼ਿਆਦਾਤਰ ਹੁੱਲੜਬਾਜਾਂ ਖਿਲਾਫ਼ ਕਾਰਵਾਈ ਕੀਤੀ। ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਅਤੇ ਡੀ. ਐਸ. ਪੀ. ਸੰਜੀਵ ਸਿੰਗਲਾ ਦੇ ਨਿਰਦੇਸ਼ਾਂ ’ਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਮਨ ਸ਼ਾਂਤੀ ਨਾਲ ਆਪਣੇ ਘਰਾਂ ਤੇ ਮੁਹੱਲਿਆਂ ਵਿਚ ਰਹਿ ਕੇ ਹੋਲੀ ਦਾ ਤਿਓਹਾਰ ਮਨਾ ਰਹੇ ਹਨ ਨਾਲ ਪੁਲਸ ਪੂਰਾ ਸਹਿਯੋਗ ਕਰ ਰਹੀ ਹੈ ਪਰ ਜਿਹੜੇ ਮੋਟਰਸਾਈਕਲਾਂ ’ਤੇ ਝੁੰਡ ਬਣਾ ਕੇ ਹੁੱਲੜਬਾਜੀ ਕਰ ਰਹੇ ਹਨ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਤਿ੍ਰਪੜੀ ਇਲਾਕੇ ’ਚ ਥਾਣਾ ਤਿ੍ਰਪੜੀ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਭਿੰਡਰ ਵਲੋਂ ਵੀ ਸੁਰੱਖਿਆ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਸਨ। ਕਈ ਥਾਵਾਂ ’ਤੇ ਨਾਕਾਬੰਦੀ ਕਰਕੇ ਹੁੱਲੜਬਾਜਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ।