
ਡੀ. ਸੀ. ਨੇ ਲਿਆ ਭਾਰੀ ਮੀਂਹ ਤੇ ਹੜ੍ਹ ਪ੍ਰਭਾਵਿਤ ਸਕੂਲਾਂ ਦੀਆਂ ਬਿਲਡਿੰਗਾਂ ਦਾ ਜਾਇਜ਼ਾ
- by Jasbeer Singh
- September 8, 2025

ਡੀ. ਸੀ. ਨੇ ਲਿਆ ਭਾਰੀ ਮੀਂਹ ਤੇ ਹੜ੍ਹ ਪ੍ਰਭਾਵਿਤ ਸਕੂਲਾਂ ਦੀਆਂ ਬਿਲਡਿੰਗਾਂ ਦਾ ਜਾਇਜ਼ਾ -ਭਾਰੀ ਬਰਸਾਤ ਜਾਂ ਪਾਣੀ ਆਉਣ ਕਰਕੇ ਸਕੂਲਾਂ ਦੀਆਂ ਖਰਾਬ ਹੋਈਆਂ ਛੱਤਾਂ ਤੇ ਹੋਰ ਨੁਕਸਾਨ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਰਿਪੋਰਟ ਮੰਗੀ -ਉਲਟਪੁਰ ਦੇ ਵਸਨੀਕਾਂ ਨਾਲ ਵੀ ਮੁਲਾਕਾਤ, ਪਸ਼ੂਆਂ ਲਈ ਚਾਰੇ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੋਈ ਕਮੀ ਨਹੀਂ- ਡਾ. ਪ੍ਰੀਤੀ ਯਾਦਵ ਪਟਿਆਲਾ, 8 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਭਾਰੀ ਮੀਂਹ ਕਰਕੇ ਅਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭਾਰੀ ਬਰਸਾਤ ਤੇ ਪਾਣੀ ਆਉਣ ਕਰਕੇ ਨੁਕਸਾਨੀਆਂ ਗਈਆਂ ਛੱਤਾਂ, ਚਾਰਦੀਵਾਰੀ ਤੇ ਸਕੂਲਾਂ ਦੇ ਹੋਏ ਹੋਰ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਦਦਹੇੜੀਆਂ ਤੇ ਗੰਗਰੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਖਰਾਬ ਹੋਣ ਕਰਕੇ ਕਮਰਿਆਂ 'ਚ ਆਏ ਪਾਣੀ ਸਮੇਤ ਜਵਾਲਾਪੁਰ, ਉਲਟਪੁਰ ਦੇ ਸਕੂਲ 'ਚ ਹੜ੍ਹ ਦੇ ਪਾਣੀ ਆਉਣ ਕਰਕੇ ਟੁੱਟੀ ਦੀਵਾਰ ਤੇ ਹੋਰ ਨੁਕਸਾਨ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਐਸ. ਡੀ. ਐਮ. ਹਰਜੋਤ ਕੌਰ ਮਾਵੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਬਰਸਾਤ ਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਕੂਲਾਂ ਦੀ ਮੁਰੰਮਤ ਸੁਚੱਜੇ ਢੰਗ ਨਾਲ ਕਰਵਾਈ ਜਾਵੇ ਅਤੇ ਕਮਰਿਆਂ ਦੀਆਂ ਛੱਤਾਂ, ਨਵੇਂ ਕਮਰਿਆਂ ਦੀ ਲੋੜ ਸਮੇਤ ਚਾਰਦੀਵਾਰੀ ਤੇ ਹੋਰ ਜਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ । ਡਾ. ਪ੍ਰੀਤੀ ਯਾਦਵ ਨੇ ਆਪਣੇ ਦੌਰੇ ਦੌਰਾਨ ਉਲਟਪੁਰ ਦੀ ਪੰਚਾਇਤ ਤੇ ਹੋਰ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਹੜ੍ਹਾਂ ਕਰਕੇ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲਿਆ ਅਤੇ ਮਵੇਸ਼ੀਆਂ ਲਈ ਚਾਰਾ ਤੇ ਆਚਾਰ ਭੇਜੇ ਜਾਣ ਬਾਬਤ ਜਾਣਕਾਰੀ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਪਾਣੀ ਉਤਰ ਜਾਣ ਕਰਕੇ ਕੁਝ ਰਾਹਤ ਮਿਲ ਜਾਵੇਗੀ । ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਹੜ੍ਹ ਕਰਕੇ ਨੁਕਸਾਨੀਆਂ ਗਈਆਂ ਪਾਣੀ ਸਪਲਾਈ ਦੀਆਂ ਪਾਇਪਾਂ ਠੀਕ ਕਰਵਾਈਆਂ ਜਾਣ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਤੇ ਪਾਣੀ ਦੀ ਕਲੋਰੀਨੇਸ਼ਨ ਵੀ ਕੀਤੀ ਜਾਵੇ । ਇਸ ਮੌਕੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਾਣੀ ਕਰਕੇ ਫਸਲਾਂ ਮਾਰੀਆਂ ਗਈਆਂ ਹਨ ਤੇ ਪਸ਼ੂਆਂ ਲਈ ਚਾਰੇ ਦੀ ਵੀ ਤੰਗੀ ਪੈਦਾ ਹੋ ਗਈ ਹੈ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੀ ਲੋੜ ਮੁਤਾਬਕ ਹਰਾ ਚਾਰਾ ਤੇ ਸਾਇਲੇਜ ਭਿਜਵਾਇਆ ਜਾ ਰਿਹਾ ਹੈ ਤੇ ਕਿਸੇ ਵਸਤੂ ਦੀ ਕੋਈ ਕਮੀਂ ਨਹੀਂ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੈ ।