
ਡੀ.ਸੀ. ਵੱਲੋਂ ਜ਼ਿਲ੍ਹੇ ਅੰਦਰ ਠੋਸ ਰਹਿੰਦ-ਖੂੰਹਦ ਜਾਂ ਕੂੜੇ ਕਰਕਟ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਖੁੱਲ੍ਹੇ 'ਚ ਸੜਨ ਤੋਂ ਰੋ
- by Jasbeer Singh
- April 30, 2025

ਡੀ.ਸੀ. ਵੱਲੋਂ ਜ਼ਿਲ੍ਹੇ ਅੰਦਰ ਠੋਸ ਰਹਿੰਦ-ਖੂੰਹਦ ਜਾਂ ਕੂੜੇ ਕਰਕਟ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਖੁੱਲ੍ਹੇ 'ਚ ਸੜਨ ਤੋਂ ਰੋਕਣਾ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ -ਜ਼ਿਲ੍ਹੇ ਦੀ ਆਬੋ-ਹਵਾ ਪਲੀਤ ਹੋਣ ਤੋਂ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ-ਡਾ. ਪ੍ਰੀਤੀ ਯਾਦਵ -ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਮੌਕੇ ਵਾਤਾਵਰਣ ਪਲਾਨ 'ਤੇ ਚਰਚਾ ਪਟਿਆਲਾ, 30 ਅਪ੍ਰੈਲ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਗਰ ਨਿਗਮ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਐਨ.ਜੀ.ਟੀ. ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੀ ਆਬੋ-ਹਵਾ ਨੂੰ ਦੂਸ਼ਿਤ ਹੋਣ ਤੋਂ ਹਰ ਹਾਲ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਟਿਆਲਾ 'ਚ ਕੂੜੇ ਦੇ ਡੰਪ ਨੂੰ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਭਵਿੱਖ ਵਿੱਚ ਅਜਿਹਾ ਮੁੜ ਨਾ ਹੋਵੇ, ਸਬੰਧੀ ਕਾਰਜ ਯੋਜਨਾ ਬਣਾ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਵਾਤਾਵਰਣ ਯੋਜਨਾ ਅਧੀਨ ਹੋ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਸਮੀਖਿਆ ਕਰਦਿਆਂ ਪਿਛਲੀ ਮੀਟਿੰਗ ਦੌਰਾਨ ਲਏ ਫੈਸਲਿਆਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਆਗਾਮੀ ਝੋਨੇ ਦੇ ਸੀਜਨ ਦੌਰਾਨ ਪਰਾਲੀ ਤੇ ਨਾੜ ਨੂੰ ਅੱਗ ਲੱਗਣ ਤੋਂ ਰੋਕਣ ਲਈ ਖੇਤੀਬਾੜੀ ਸਮੇਤ ਹੋਰ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਤਿਆਰੀ ਦੀ ਵੀ ਸਮੀਖਿਆ ਕੀਤੀ। ਡਾ. ਪ੍ਰੀਤੀ ਯਾਦਵ ਨੇ ਠੋਸ ਕੂੜਾ ਸਾੜਨ ਦੀ ਰੋਕਥਾਮ ਸਮੇਤ ਹਵਾ ਅਤੇ ਪਾਣੀ ਦੀ ਗੁਣਵੱਤਾ ਸੁਧਾਰ ਅਤੇ ਨਾਗਰਿਕਾਂ ਵਿੱਚ ਟਿਕਾਊ ਜੀਵਨਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਾਹਨਾਂ ਦੇ ਪ੍ਰਦੂਸ਼ਣ ਅਤੇ ਸੜਕਾਂ ਦੀ ਧੂੜ ਨੂੰ ਘਟਾਉਣ ਲਈ ਸਮਾਗ ਗੰਨ, ਮਕੈਨੀਕਲ ਸਵੀਪਿੰਗ ਮਸ਼ੀਨਾਂ ਤੇ ਪਾਣੀ ਛਿੜਕਾਅ ਮਸ਼ੀਨਾਂ ਦੀ ਵਰਤੋਂ ਵਰਤਣ ਲਈ ਵੀ ਆਖਿਆ।ਉਨ੍ਹਾਂ ਨੇ ਐਨਕੈਪ ਦੇ ਫੰਡਾਂ ਨਾਲ ਸ਼ਹਿਰ 'ਚ ਸਮਾਰਟ ਟ੍ਰੈਫਿਕ ਲਾਈਟਾਂ ਲਗਾਉਣ ਦੀ ਯੋਜਨਾ ਬਣਾਉਣ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਕੀਤੀ ਕਿ ਸਬੰਧਤ ਖੇਤਰਾਂ 'ਚ ਠੋਸ ਰਹਿੰਦ-ਖੂੰਹਦ ਜਾਂ ਕਿਸੇ ਵੀ ਕਿਸਮ ਦੇ ਰਹਿੰਦ-ਖੂੰਹਦ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਖੁੱਲ੍ਹੇ ਵਿੱਚ ਨਾ ਸਾੜਿਆ ਜਾਵੇ।ਉਨ੍ਹਾਂ ਨੇ ਏ.ਕਿਊ.ਆਈ 'ਤੇ ਚਰਚਾ ਕਰਦਿਆਂ ਸੜਕਾਂ ਦੀ ਧੂੜ ਅਤੇ ਵਾਹਨਾਂ ਦੇ ਧੂੰਏ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਰੋਕਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀਆਂ ਕਾਰਵਾਈਆਂ ਦਾ ਮੁਲੰਕਣ ਕਰਦਿਆਂ ਕਿਹਾ ਕਿ ਵਾਤਾਵਰਣ ਸੁਧਾਰ ਪ੍ਰਾਜੈਕਟਾਂ ਲਈ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨਕੈਪ) ਦੇ ਫੰਡ ਦੀ ਵਰਤੋਂ ਲਈ ਤਜਵੀਜਾਂ ਉਪਰ ਵੀ ਪੂਰਾ ਅਮਲ ਯਕੀਨੀ ਬਣਾਇਆ ਜਾਵੇ। ਡਾ. ਪ੍ਰੀਤੀ ਯਾਦਵ ਨੇ ਮਿਊਂਸਿਪਲ ਕਾਰਪੋਰੇਸ਼ਨ ਤੇ ਨਗਰ ਕੌਂਸਲਾਂ ਵੱਲੋਂ ਠੋਸ ਕੂੜਾ ਪ੍ਰਬੰਧਨ ਨਿਯਮ 2016 ਅਤੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਦੀ ਪਾਲਣਾ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਉਥੇ ਨਾਲ ਹੀ ਆਪਣੇ ਘਰਾਂ ਵਿੱਚੋਂ ਨਿਕਲਦੇ ਕੂੜੇ ਨੂੰ ਗਿੱਲੇ ਤੇ ਸੁੱਕੇ ਕੂੜੇ ਦੇ ਰੂਪ ਵਿੱਚ ਵੱਖੋ-ਵੱਖ ਕਰਕੇ ਹੀ ਕੂੜੇ ਵਾਲੇ ਨੂੰ ਚੁਕਾਉਣ। ਮੀਟਿੰਗ ਦੌਰਾਨ ਗੰਦੇ ਪਾਣੀ ਦੀ ਪੈਦਾਵਾਰ ਅਤੇ ਇਲਾਜ, ਨਵੇਂ ਐਸ.ਟੀ.ਪੀਜ ਲਗਾਉਣ ਤੇ ਮੌਜੂਦਾ ਐਸ.ਟੀ.ਪੀਜ ਦੀ ਕਾਰਗੁਜ਼ਾਰੀ ਦਾ ਵੀ ਮੁਲੰਕਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਚੱਲ ਰਹੇ ਐਸ.ਟੀ.ਪੀਜ਼ ਤੋਂ ਨਿਕਲਦੇ ਸਾਫ਼ ਪਾਣੀ ਦੀ ਸਦ ਵਰਤੋਂ ਲਈ ਪਾਈਪਲਾਈਨਾਂ ਦੀ ਤਾਜਾ ਸਥਿਤੀ ਅਤੇ ਨਵੀਆਂ ਯੋਜਨਾਬੱਧ ਪਾਈਪਲਾਈਨਾਂ ਪਾਉਣ ਦੀ ਲੋੜ ਬਾਰੇ ਵੀ ਜਾਇਜ਼ਾ ਲਿਆ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਗੁਜ਼ਰਦੇ ਘੱਗਰ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਨਾ ਪੈਣ ਦਿੱਤਾ ਜਾਵੇ ਅਤੇ ਜਿੱਥੇ ਕਿਤੇ ਪ੍ਰਦੂਸ਼ਿਤ ਪਾਣੀ ਹੈ, ਉਸਦੀ ਗੁਣਵੱਤਾ ਨੂੰ ਸੁਧਾਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨ ਹੋਰ ਤੇਜ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਪਿੰਡਾਂ ਵਿੱਚਲੇ ਛੱਪੜਾਂ ਦੀ ਪੁਨਰਸੁਰਜੀਤੀ ਤੇ ਛੱਪੜਾਂ ਨੂੰ ਸਾਫ਼ ਕਰਨ ਦੀ ਕਾਰਜਯੋਜਨਾ ਦਾ ਵੀ ਮੁਲੰਕਣ ਕੀਤਾ। ਇਸ ਦੌਰਾਨ ਏ.ਡੀ.ਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਵਾਤਾਵਰਣ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਭਾਗਾਂ ਵਿਚਕਾਰ ਭਰਪੂਰ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਬੰਧਤ ਵਿਭਾਗਾਂ ਨੂੰ ਲੰਬਿਤ ਕਾਰਵਾਈਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ, ਇੰਜ. ਮੋਹਿਤ ਬਿਸ਼ਟ, ਸਹਾਇਕ ਵਾਤਾਵਰਣ ਇੰਜੀਨੀਅਰ ਇੰਜ. ਅਕਾਂਕਸ਼ਾ ਬਾਂਸਲ, ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਜੰਗਲਾਤ ਵਿਭਾਗ, ਸਿਹਤ ਵਿਭਾਗ, ਜਲ ਸਪਲਾਈ ਤੇ ਸੀਵਰੇਜ ਬੋਰਡ, ਡਰੇਨੇਜ, ਪੀਡੀਏ, ਆਰਟੀਏ, ਭੂਮੀ ਰੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.