post

Jasbeer Singh

(Chief Editor)

Patiala News

ਡੀ. ਸੀ. ਨੇ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਉਦਮ ਘੋਖੇ

post-img

ਡੀ. ਸੀ. ਨੇ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਉਦਮ ਘੋਖੇ -ਬੱਚਿਆਂ ਤੇ ਔਰਤਾਂ ਦੀ ਭਲਾਈ ਲਈ ਗੁਣਾਤਮਕ ਤੇ ਗਿਣਾਤਮਕ ਸੁਧਾਰਾਂ : ਡਾ. ਪ੍ਰੀਤੀ ਯਾਦਵ ਪਟਿਆਲਾ, 4 ਦਸੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਕੇ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਦਮਾਂ ਦੀ ਘੋਖ ਕੀਤੀ। ਉਨ੍ਹਾਂ ਨੇ ਇਸ ਮੌਕੇ ਹਦਾਇਤ ਕੀਤੀ ਕਿ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਪ੍ਰੋਗਰਾਮਾਂ ਵਿੱਚ ਗੁਣਾਤਮਕ ਤੇ ਗਿਣਾਤਮਕ ਸੁਧਾਰ ਲਿਆਉਣ ਲਈ ਆਪਣੀ ਬਣਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵੇ । ਡਾ. ਪ੍ਰੀਤੀ ਯਾਦਵ ਨੇ ਧਬਲਾਨ ਤੇ ਮਸੀਂਗਣ ਵਿਖੇ ਚਲਾਏ ਜਾ ਰਹੇ ਦੋ ਬੈਂਬੂ ਸਕੂਲਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਇੱਥੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਪੜ੍ਹਦੇ 160 ਦੇ ਕਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮੁੱਖ ਧਾਰਾ ਵਿੱਚ ਲਿਆਉਣਾ ਤੇ ਉਨ੍ਹਾਂ ਨੂੰ ਜੀਵਨ ਜਾਚ ਸਿਖਾਉਣਾ ਹੈ ਤਾਂ ਕਿ ਇਨ੍ਹਾਂ ਬੱਚਿਆਂ ਦੀ ਸ਼ਖ਼ਸੀਅਤ ਦਾ ਉਸਾਰੂ ਵਿਕਾਸ ਹੋ ਸਕੇ ਤੇ ਇਹ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਤੋਂ ਦੂਰ ਰਹਿਣ । ਸਕੂਲਾਂ ਵਿੱਚ ਵਿਦਿਆਰਥੀਆਂ ਦੀ ਡਰਾਪ ਆਊਟ ਦਰ ਖ਼ਤਮ ਕਰਨ ਲਈ ਚਲਾਏ ਜਾ ਰਹੇ ਈ-ਰਿਕਸ਼ਾ ਪ੍ਰਾਜੈਕਟ ਨਵੀਆਂ ਰਾਹਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 22 ਈ-ਰਿਕਸ਼ੇ ਚਲਾਏ ਜਾ ਰਹੇ ਹਨ ਤੇ ਇਸ ਪ੍ਰਾਜੈਕਟ ਨੂੰ ਹੋਰ ਸਫ਼ਲ ਬਣਾਉਣ ਲਈ ਇਸ ਦਾ ਘੇਰਾ ਵਧਾਉਣ ਦੀ ਤਜ਼ਵੀਜ਼ ਹੈ । ਕਿਸ਼ੋਰੀ ਵਿਦਿਆਰਥਣਾਂ ਨੂੰ ਅਨੀਮੀਆ ਮੁਕਤ ਕਰਨ ਲਈ ਪ੍ਰਾਜੈਕਟ ਸ਼ਕਤੀ ਦੀ ਘੋਖ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਤੇ ਸਕੂਲ ਸਿੱਖਿਆ ਵਿਭਾਗ ਆਪਸੀ ਤਾਲਮੇਲ ਨਾਲ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਖੁਰਾਕ 'ਚ ਸੁਧਾਰ ਤੇ ਲੋੜੀਂਦੀ ਦਵਾਈ ਮੁਹੱਈਆ ਕਰਵਾਉਣ ਲਈ ਠੋਸ ਕਦਮ ਉਠਾਏ ਜਾਣ ਤਾਂ ਕਿ ਅਨੀਮੀਆ ਦਾ ਪੱਕਾ ਹੱਲ ਹੋ ਸਕੇ । ਡਾ. ਪ੍ਰੀਤੀ ਯਾਦਵ ਨੇ ਇਸ ਦੌਰਾਨ ਸਕੂਲ ਡਰਾਪ ਆਊਟ ਦਰ, ਲਵਾਰਬ ਬਾਲਾਂ ਨੂੰ ਗੋਦ ਲੈਣ ਦੀ ਪ੍ਰਕ੍ਰਿਆ, ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਖ਼ਤਮ ਕਰਨ ਦੇ ਉਪਾਅ, ਬਾਲ ਭਲਾਈ ਕਮੇਟੀ ਦੀ ਕਾਰਗੁਜ਼ਾਰੀ, ਜ਼ਿਲ੍ਹਾ ਸਿੱਖਿਆ ਸੁਸਾਇਟੀ, ਸਖੀ ਵਨ ਸਟਾਪ ਸੈਂਟਰ ਦੀ ਕਾਰਗੁਜ਼ਾਰੀ ਤੇ ਕੁਪੋਸ਼ਣ ਤੇ ਆਂਗਣਵਾੜੀ ਸੈਂਟਰਾਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਆਰ.ਟੀ.ਓ. ਨਮਨ ਮਾਰਕੰਨ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਕੁਸ਼ਲਦੀਪ ਗਿੱਲ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਡਾ. ਪ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਸਕੂਲ ਹੈਲਥ ਸਿਹਤ ਅਫ਼ਸਰ ਡਾ. ਅਸ਼ੀਸ਼, ਸਖੀ ਵਨ ਸਟਾਪ ਦੇ ਇੰਚਾਰਜ ਰਾਜਮੀਤ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Related Post

Instagram