
ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਡਾ. ਮੁਲਤਾਨੀ ਨੇ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ
- by Jasbeer Singh
- December 31, 2024

ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਡਾ. ਮੁਲਤਾਨੀ ਨੇ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ -ਵਿੱਕਰੀ ਲਈ ਵੀ ਰਹੇਗਾ ਉਪਲਬਧ ਪਟਿਆਲਾ, 31 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣਾ ਨਵੇਂ ਸਾਲ 2025 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਵਿੱਤ ਅਫ਼ਸਰ ਡਾ. ਪ੍ਰਮੋਦ ਕੁਮਾਰ ਅੱਗਰਵਾਲ, ਡਾਇਰੈਕਟਰ ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸਿੰਘ ਸੈਣੀ, ਇੰਚਾਰਜ ਪਬਲੀਕੇਸ਼ਨ ਬਿਊਰੋ ਸ੍ਰੀ ਪੱਪੂ ਸਿੰਘ, ਡਿਪਟੀ ਰਜਿਸਟਰਾਰ ਰਣਜੀਤ ਸਿੰਘ, ਨਿਗਰਾਨ ਪਬਲੀਕੇਸ਼ਨ ਬਿਊਰੋ ਗੁਰਜੰਟ ਸਿੰਘ ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਵੇਂ ਸਾਲ ਦੀ ਆਮਦ ਉੱਤੇ ਸਮੇਂ ਸਿਰ ਯੂਨੀਵਰਸਿਟੀ ਦੇ ਕੈਲੰਡਰ ਦਾ ਤਿਆਰ ਹੋ ਜਾਣਾ ਸ਼ੁਭ ਖ਼ਬਰ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ਼ ਜੁੜੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਬਾਰੇ ਅਗਾਊਂ ਵਿਉਂਤਬੰਦੀ ਕਰਨ ਹਿਤ ਕੈਲੰਡਰ ਦੀ ਅਹਿਮ ਭੂਮਿਕਾ ਹੁੰਦੀ ਹੈ, ਇਸ ਲਈ ਸਮੇਂ ਸਿਰ ਕੈਲੰਡਰ ਉਪਲਬਧ ਹੋਣਾ ਆਪਣੇ ਆਪ ਵਿੱਚ ਮਾਇਨੇ ਰਖਦਾ ਹੈ । ਇੰਚਾਰਜ ਪਬਲੀਕੇਸ਼ਨ ਬਿਊਰੋ ਸ੍ਰੀ ਪੱਪੂ ਸਿੰਘ ਨੇ ਦੱਸਿਆ ਕਿ ਹਰ ਸਾਲ ਵਾਂਗ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਲਈ ਇਹ ਕੈਲੰਡਰ ਮੁਹੱਈਆ ਕਰਵਾਇਆ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਕਰਮਚਾਰੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਵੀ ਕੈਲੰਡਰ ਖਰੀਦਣ ਦਾ ਇੱਛੁਕ ਹੋਵੇ ਤਾਂ ਉਹ ਪਬਲੀਕੇਸ਼ਨ ਬਿਊਰੋ ਦੇ ਦਫ਼ਤਰ ਜਾਂ ਗੋਲ ਮਾਰਕੀਟ ਸਥਿਤ 'ਕਿਤਾਬ-ਘਰ' ਤੋਂ ਖਰੀਦ ਸਕਦਾ ਹੈ ।