
ਡਿਪਟੀ ਕਮਿਸ਼ਨਰ ਵੱਲੋਂ ਪੀ. ਐਲ. ਏ. ਬਰਾਂਚ, ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ
- by Jasbeer Singh
- January 24, 2025

ਡਿਪਟੀ ਕਮਿਸ਼ਨਰ ਵੱਲੋਂ ਪੀ. ਐਲ. ਏ. ਬਰਾਂਚ, ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ -ਦਫ਼ਤਰਾਂ 'ਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ -ਲੋਕਾਂ ਨੂੰ ਆਪਣੇ ਕੰਮ ਕਾਜ ਕਰਵਾਉਣ 'ਚ ਕੋਈ ਮੁਸ਼ਕਿਲ ਨਾ ਆਉਣ ਦੇਣ ਸਬੰਧਤ ਬਰਾਂਚਾਂ ਦੇ ਅਧਿਕਾਰੀ : ਡਾ. ਪ੍ਰੀਤੀ ਯਾਦਵ ਪਟਿਆਲਾ, 24 ਜਨਵਰੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਡਿਪਟੀ ਕਮਿਸ਼ਨਰ ਦਫ਼ਤਰ ਦੀ ਪੀ. ਐਲ. ਏ. ਬਰਾਂਚ, ਸੇਵਾ ਕੇਂਦਰ ਅਤੇ ਸਬ ਰਜਿਸਟਰਾਰ ਪਟਿਆਲਾ ਦੇ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ । ਉਨ੍ਹਾਂ ਨੇ ਇਸ ਦੌਰਾਨ ਇੱਥੇ ਵੱਖ-ਵੱਖ ਕੰਮ ਕਰਵਾਉਣ ਆਏ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਬਤ ਫੀਡਬੈਕ ਵੀ ਹਾਸਲ ਕੀਤੀ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਬੰਧਤ ਬਰਾਂਚਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਕੰਮ ਕਾਜ ਕਰਵਾਉਣ ਆਉਂਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ । ਉਨ੍ਹਾਂ ਨੇ ਪੀ. ਐਲ. ਏ. ਬਰਾਂਚ ਵਿਖੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਬਾਹਰੀ ਵਿਅਕਤੀ ਬਰਾਂਚ ਵਿੱਚ ਨਹੀਂ ਬੈਠੇਗਾ ਤੇ ਆਮ ਲੋਕ ਵੀ ਬਰਾਂਚ ਦੀ ਖਿੜਕੀ ਤੋਂ ਹੀ ਆਪਣੇ ਕੰਮਾਂ ਲਈ ਕਰਮਚਾਰੀਆਂ ਨੂੰ ਮਿਲਣਗੇ । ਡਾ. ਪ੍ਰੀਤੀ ਯਾਦਵ ਨੇ ਇਸੇ ਦੌਰਾਨ ਸੇਵਾ ਕੇਂਦਰ ਦਾ ਜਾਇਜ਼ਾ ਲਿਆ ਅਤੇ ਇੱਥੇ ਵੱਖ-ਵੱਖ ਸੇਵਾਵਾਂ ਹਾਸਲ ਕਰਨ ਆਏ ਲੋਕਾਂ ਤੋਂ ਕੋਈ ਮੁਸ਼ਕਿਲ ਆਉਣ ਜਾਂ ਸੇਵਾ ਲੈਣ ਸਮੇਂ ਕੋਈ ਵੀ ਔਖਿਆਈ ਆਉਣ ਬਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਨੇ ਸੇਵਾ ਕੇਂਦਰ ਇੰਚਾਰਜ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਉਨ੍ਹਾਂ ਨੇ ਟੋਕਨ ਦੇਣ ਵਾਲੀ ਜਗ੍ਹਾ 'ਤੇ ਸਕਰੀਨ ਚਲਾਉਣ ਲਈ ਕਿਹਾ । ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰ ਦਫ਼ਤਰ ਵਿਖੇ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਤੋਂ ਫੀਡਬੈਕ ਲਈ ਅਤੇ ਪੁੱਛਿਆ ਕਿ ਉਨ੍ਹਾਂ ਤੋਂ ਕਿਸੇ ਏਜੰਟ ਆਦਿ ਨੇ ਕੋਈ ਵਾਧੂ ਪੈਸੇ ਤਾਂ ਨਹੀਂ ਲਏ। ਉਨ੍ਹਾਂ ਨੇ ਸਬ ਰਜਿਸਟਰਾਰ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਬਿਨ੍ਹਾਂ ਖੱਜਲ ਖੁਆਰੀ ਪਾਰਦਰਸ਼ੀ ਢੰਗ ਨਾਲ ਜਾਇਦਾਦ ਰਜਿਸਟਰੀ ਦੀ ਸੇਵਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਐਸ. ਡੀ. ਐਮ. ਪਟਿਆਲਾ ਨੂੰ ਕਿਹਾ ਕਿ ਇਸ ਦਫ਼ਤਰ ਦੇ ਬਾਹਰ ਲੋਕਾਂ ਦੇ ਬੈਠਣ ਲਈ ਹੋਰ ਬੈਂਚ ਲਗਾਏ ਜਾਣ । ਇਸ ਮੌਕੇ ਉਨ੍ਹਾਂ ਨੇ ਪਟਵਾਰੀਆਂ ਲਈ ਨਵੀਂ ਬਣ ਰਹੀ ਬਿਲਡਿੰਗ ਦਾ ਵੀ ਜਾਇਜ਼ਾ ਲਿਆ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਆਮ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਵਿਖੇ ਨਾਗਰਿਕ ਸੇਵਾਵਾਂ ਪੂਰੀ ਪਾਰਦਰਸ਼ੀ ਤੇ ਨਿਰਵਿਘਨ ਪ੍ਰਾਪਤ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਹਨ, ਕਿ ਕਿਸੇ ਨਾਗਰਿਕ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਏ. ਡੀ. ਸੀ. (ਜ) ਇਸ਼ਾ ਸਿੰਗਲ ਅਤੇ ਐਸ. ਡੀ. ਐਮ. ਗੁਰਦੇਵ ਸਿੰਘ ਧੰਮ ਵੀ ਮੌਜੂਦ ਸਨ ।