post

Jasbeer Singh

(Chief Editor)

Patiala News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰੋਡ ਸੇਫ਼ਟੀ ਨੋਡਲ ਅਫ਼ਸਰ ਲਗਾਉਣ ਦੇ ਨਿਰਦੇਸ਼

post-img

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰੋਡ ਸੇਫ਼ਟੀ ਨੋਡਲ ਅਫ਼ਸਰ ਲਗਾਉਣ ਦੇ ਨਿਰਦੇਸ਼ -ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ -ਦੁਕਾਨਦਾਰ ਸੜਕਾਂ ਕਿਨਾਰੇ ਮਸ਼ਹੂਰੀ ਬੋਰਡ ਨਾ ਰੱਖਣ -ਪਟਿਆਲਾ ਵਿਖੇ 1 ਜੂਨ ਨੂੰ ਲਗਾਈ ਜਾਵੇਗੀ ਰੋਡ ਸੇਫ਼ਟੀ ਵਰਕਸ਼ਾਪ ਪਟਿਆਲਾ, 14 ਮਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਸੜਕੀ ਦੁਰਘਟਨਾਵਾਂ ਦਾ ਅੰਕੜਾ ਜ਼ੀਰੋ ’ਤੇ ਲਿਆਉਣ ਲਈ ਜ਼ਿਲ੍ਹੇ ਦਾ ਟਰੈਫ਼ਿਕ ਪਲਾਨ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਗਲਤੀ ਜਾਂ ਅਣਗਹਿਲੀ ਕਾਰਨ ਕੋਈ ਸੜਕ ਦੁਰਘਟਨਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਉਹ ਰਿਜਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵੱਲੋਂ ਕਰਵਾਈ ਗਈ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕਾਂ ਵਿੱਚ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਛੋਟੀਆਂ ਅਣਗਹਿਲੀਆਂ ਕਾਰਨ ਹੋਣ ਵਾਲੀਆਂ ਵੱਡੀ ਦੁਰਘਟਨਾਵਾਂ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਪਟਿਆਲਾ ਵਿਖੇ 1 ਜੂਨ ਨੂੰ ਰੋਡ ਸੇਫ਼ਟੀ ਵਰਕਸ਼ਾਪ ਲਗਾਈ ਜਾਵੇਗੀ। ਜਿਸ ਵਿੱਚ ਮਾਹਰਾਂ ਵੱਲੋਂ ਟਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭੁਪਿੰਦਰਾ ਰੋਡ, ਸਰਕਾਰੀ ਰਜਿੰਦਰਾ ਹਸਪਤਾਲ, ਥਾਪਰ ਕਾਲਜ, ਮਨੀਪਾਲ ਹਸਪਤਾਲ ਨੇੜੇ ਲੱਗਣ ਵਾਲੀਆਂ ਰੇਹੜੀਆਂ ਨੂੰ ਰੈਗੁਲੇਟ ਕਰਵਾਇਆ ਜਾਵੇ ਤਾਂ ਜੋ ਟਰੈਫ਼ਿਕ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਸਵੇਰ ਸਮੇਂ ਸਕੂਲਾਂ ਦੇ ਲੱਗਣ ਸਮੇਂ ਅਤੇ ਦੁਪਹਿਰ ਵੇਲੇ ਛੁੱਟੀ ਸਮੇਂ ਟਰੈਫ਼ਿਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਹਰ ਨਾਗਰਿਕ ਤੱਕ ਪੁੱਜਦੀ ਕਰਨ ਲਈ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਰੋਡ ਸੇਫ਼ਟੀ ਦੇ ਨੋਡਲ ਅਫ਼ਸਰ ਲਗਾਏ ਜਾਣ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸਬੰਧੀ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਬਾਜ਼ਾਰਾਂ ‘ਚ ਦੁਕਾਨਦਾਰ ਸੜਕਾਂ ਕਿਨਾਰੇ ਸਮਾਨ ਤੇ ਮਸ਼ਹੂਰੀ ਬੋਰਡ ਨਾ ਰੱਖਣ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਸੜਕੀ ਹਾਦਸਿਆਂ ਦੇ ਬਲੈਕ ਸਪਾਟ ਹਨ, ਉਹ ਤੁਰੰਤ ਠੀਕ ਕੀਤੇ ਜਾਣ ਤਾਂ ਕਿ ਹਾਦਸਿਆਂ ਕਰਕੇ ਕੀਮਤੀ ਮਨੁੱਖੀ ਜਾਨਾਂ ਅਜਾਈਂ ਨਾ ਜਾਣ। ਉਹਨਾਂ ਕਿਹਾ ਕਿ ਨਗਰ ਨਿਗਮ ਤੇ ਹੋਰ ਵਿਭਾਗ ਸੜਕਾਂ ਦੇ ਕਿਨਾਰੇ ਨਾਜਾਇਜ਼ ਕਬਜ਼ੇ ਵੀ ਛੁਡਵਾਉਣ ਅਤੇ ਸੜਕਾਂ ਤੇ ਆਵਾਜਾਈ ਵੀ ਸੁਰੱਖਿਅਤ ਕੀਤੀਆਂ ਜਾਣ। ਇਸ ਤੋਂ ਇਲਾਵਾ ਸੇਫ਼ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਤੇ ਬਿਨਾਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਸਮੇਤ ਨਾਬਾਲਗ ਵੱਲੋਂ ਡਰਾਈਵਿੰਗ ਕਰਨ ਵਿਰੁੱਧ ਵੀ ਸਖ਼ਤੀ ਵਰਤਣ ‘ ਤੇ ਜ਼ੋਰ ਦਿੱਤਾ ਗਿਆ ਤਾਂ ਕਿ ਹਾਦਸਿਆਂ ਕਰਕੇ ਹੁੰਦੀਆਂ ਮੌਤਾਂ ਦੀ ਦਰ ਘਟਾਈ ਜਾਵੇ ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਐਸ.ਡੀ.ਐਮ ਨਾਭਾ ਇਸਮਿਤ ਵਿਜੇ ਸਿੰਘ, ਐਸ.ਡੀ. ਐਮ ਰਾਜਪੁਰਾ ਅਵੀਕੇਸ਼ ਗੁਪਤਾ, ਐੈਸ.ਡੀ.ਐਮ ਸਮਾਣਾ ਰਿਚਾ ਗੋਇਲ, ਮੁੱਖ ਮੰਤਰੀ ਫ਼ੀਲਡ ਅਫ਼ਸਰ ਸਤੀਸ਼ ਚੰਦਰ , ਪਟਿਆਲਾ ਫਾਊਂਡੇਸ਼ਨ ਤੋ ਰਵੀ ਆਹਲੂਵਾਲੀਆ, ਜੰਗਲਾਤ , ਨਗਰ ਨਿਗਮ ਅਤੇ ਸਿੱਖਿਆ ਵਿਭਾਗ ਤੋ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Post