
ਡਿਪਟੀ ਕਮਿਸ਼ਨਰ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ
- by Jasbeer Singh
- November 11, 2024

ਡਿਪਟੀ ਕਮਿਸ਼ਨਰ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ -ਨਸ਼ਾ ਤਸਕਰੀ ਕਰਦੇ ਲੋਕਾਂ ਤੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਛੁਡਵਾ ਕੇ ਮੁੜ ਵਸੇਬਾ ਕਰਨ 'ਤੇ ਜੋਰ -ਕਿਹਾ, ਨਸ਼ਾ ਮੁਕਤ ਜ਼ਿਲ੍ਹਾ ਪਟਿਆਲਾ ਬਣਾਉਣ ਲਈ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਨਸ਼ਾ ਮੁਕਤ ਮੁਹਿੰਮ ਨਾਲ ਜੋੜਿਆ ਜਾਵੇਗਾ -ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕੇਨਿਜ਼ਮ ਤੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਪਟਿਆਲਾ, 11 ਨਵੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕੇਨਿਜ਼ਮ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਕਰਦਿਆਂ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਸਾਂਝੀ ਵਿਉਂਤਬੰਦੀ ਦਾ ਜਾਇਜ਼ਾ ਲੈਂਦਿਆਂ ਨਸ਼ਿਆਂ ਦੇ ਖਾਤਮੇ ਵਿਰੁੱਧ ਸਮੱਗਰ ਦ੍ਰਿਸ਼ਟੀਕੋਣ ਅਪਨਾਉਣ 'ਤੇ ਜ਼ੋਰ ਦਿੱਤਾ । ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਡੇ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਕਿ ਉਹ ਸਿਹਤ ਚੁਣਨ ਨਾ ਕਿ ਨਸ਼ੇ । ਉਨ੍ਹਾਂ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਜਾਂਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਸਮੀਖਿਆ ਕਰਦਿਆਂ ਕਿਹਾ ਕਿ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸਿਖਲਾਈ ਦਿਵਾਈ ਜਾਵੇ ਤਾਂ ਕਿ ਕੋਈ ਨਸ਼ਾ ਤਸਕਰ ਅਦਾਲਤ ਵਿੱਚੋਂ ਬਰੀ ਨਾ ਹੋਵੇ । ਡਰੱਗ ਇੰਸਪੈਕਟਰਾਂ ਨੂੰ ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤ ਕੀਤੀ ਕਿ ਪ੍ਰੀਗਾਬਾਲਿਨ ਤੇ ਹੋਰ ਦਵਾਈਆਂ, ਜਿਹੜੀਆਂ ਕਿ ਨਸ਼ਿਆਂ ਲਈ ਵਰਤੀਆਂ ਜਾ ਸਕਦੀਆਂ ਹੋਣ, ਦੀ ਬਰਾਮਦਗੀ ਹੋਣ 'ਤੇ ਜਿੱਥੋਂ ਇਹ ਨਸ਼ੀਲੀਆਂ ਦਵਾਈਆਂ ਆਈਆਂ ਹੋਣ ਅਤੇ ਜਿੱਥੇ ਜਾਣੀਆਂ ਹੋਣ ਇਸ ਦੀ ਪੂਰੀ ਪੜਤਾਲੀਆ ਰਿਪੋਰਟ ਤੇ ਕਾਰਵਾਈ ਇਸ ਕਮੇਟੀ 'ਚ ਪੇਸ਼ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਕੈਮਿਸਟ ਐਸੋਸੀਏਸ਼ਨ ਦਾ ਸਾਥ ਲਿਆ ਜਾਵੇ ਅਤੇ ਲਗਾਤਾਰ ਚੈਕਿੰਗ ਕੀਤੀ ਜਾਵੇ । ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਬਾਬਤ ਇਹ ਸਰਟੀਫਿਕੇਟ ਦੇਣਗੇ ਕਿ ਸਕੂਲਾਂ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਤੰਬਾਕੂ ਪਦਰਥਾਂ ਜਾਂ ਕਿਸੇ ਹੋਰ ਨਸ਼ੇ ਦੀ ਕੋਈ ਵਿਕਰੀ ਨਹੀਂ ਹੋ ਰਹੀ । ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਤੇ ਕਾਲਜਾਂ ਵਿੱਚ ਇਹ ਗੱਲ ਜੋਰ ਸ਼ੋਰ ਨਾਲ ਪ੍ਰਚਾਰੀ ਜਾਵੇ ਕਿ ਸਿਹਤ ਚੁਣੀ ਜਾਵੇ ਨਾ ਕਿ ਨਸ਼ੇ, ਜਿਸ ਲਈ ਵੱਧ ਤੋਂ ਵੱਧ ਯੂਥ ਕਲੱਬਾਂ ਤੇ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇ । ਡਾ. ਪ੍ਰੀਤੀ ਯਾਦਵ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਪਛਾਣ ਕੀਤੇ ਗਏ 37 ਹਾਟ ਸਪਾਟ ਨਸ਼ਾ ਤਸਕਰੀ ਦੇ ਇਲਾਕਿਆਂ 'ਚ ਰਹਿੰਦੇ ਨਸ਼ਾ ਤਸਕਰੀ ਦੇ ਕੰਮ 'ਚ ਲੱਗੇ ਲੋਕਾਂ ਨੂੰ ਇਸ ਕਾਲੇ ਕੰਮ ਤੋਂ ਹਟਾ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ ਕਰਨ 'ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹੇ ਵਿੱਚ ਖੇਡਾਂ ਤੇ ਖੇਡ ਮੈਦਾਨਾਂ ਵੱਲ ਹੋਰ ਧਿਆਨ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਹੋਰ ਵਾਧੂ ਗਤੀਵਿੱਧੀਆਂ ਨਾਲ ਵੀ ਜੋੜਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਕਾਲਜਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਤਾ ਪ੍ਰੋਗਰਾਮ ਕੀਤੇ ਜਾਣਗੇ ਤੇ ਨਾਲ ਹੀ ਇਸ ਮੁਹਿੰਮ ਨੂੰ ਸਕੂਲ ਪੱਧਰ 'ਤੇ ਵੀ ਲਿਜਾਇਆ ਜਾਵੇਗਾ । ਮੀਟਿੰਗ 'ਚ ਐਸ.ਪੀ. ਯੋਗੇਸ਼ ਸ਼ਰਮਾ, ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਇੰਸਪੈਕਟਰ ਸਰਪ੍ਰੀਤ ਕੌਰ ਕੌੜਾ, ਸਾਬਕਾ ਪੀ. ਸੀ. ਐਸ. ਅਧਿਕਾਰੀ ਸੁਰਿੰਦਰ ਕੌਰ ਰਿਆੜ ਤੇ ਪ੍ਰੀਤਮ ਸਿੰਘ ਜੌਹਲ, ਸਮਾਜ ਸੇਵੀ ਜਤਵਿੰਦਰ ਗਰੇਵਾਲ ਤੇ ਪਰਮਿੰਦਰ ਭਲਵਾਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.