post

Jasbeer Singh

(Chief Editor)

Patiala News

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਰਾਮਗੜ੍ਹ ਸੰਧੂਆਂ ਵਿਖੇ ਆਯੋਜਿਤ ਕੈਂਪ ਦਾ ਅਚਨਚੇਤ ਨਿਰੀਖਣ

post-img

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਰਾਮਗੜ੍ਹ ਸੰਧੂਆਂ ਵਿਖੇ ਆਯੋਜਿਤ ਕੈਂਪ ਦਾ ਅਚਨਚੇਤ ਨਿਰੀਖਣ ਲੋਕਾਂ ਦੇ ਕੀਮਤੀ ਸਮੇਂ ਨੂੰ ਬਚਾਉਣ ਅਤੇ ਖੱਜਲ ਖੁਆਰੀ ਨੂੰ ਰੋਕਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ ਲੋਕ ਸੁਵਿਧਾ ਕੈਂਪ ਲਹਿਰਾ/ਸੰਗਰੂਰ, 25 ਜੁਲਾਈ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਰਾਮਗੜ੍ਹ ਸੰਧੂਆਂ ਵਿਖੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਅਧੀਨ ਆਯੋਜਿਤ ਲੋਕ ਸੁਵਿਧਾ ਕੈਂਪ ਦਾ ਅਚਨਚੇਤ ਨਿਰੀਖਣ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਲੋਕਾਂ ਦੀ ਭਲਾਈ ਹਿੱਤ ਕੀਮਤੀ ਸਮੇਂ ਨੂੰ ਬਚਾਉਣ ਅਤੇ ਖੱਜਖ ਖੁਆਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਇਹ ਮੁਹਿੰਮ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਆਪਣੇ ਕੰਮਕਾਰ ਛੱਡ ਕੇ ਤਹਿਸੀਲਾਂ ਜਾਂ ਹੋਰ ਸਰਕਾਰੀ ਵਿਭਾਗਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਸਭ ਪ੍ਰਸ਼ਾਸਨਿਕ ਸੇਵਾਵਾਂ ਇੱਕੋ ਛੱਤ ਹੇਠ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਨੇ ਕੁਝ ਬਿਨੈਕਾਰਾਂ ਨੂੰ ਮੌਕੇ ’ਤੇ ਹੀ ਸੇਵਾ ਕੇਂਦਰਾਂ ਦੇ ਨੁਮਾਇੰਦਿਆਂ ਵੱਲੋਂ ਤਿਆਰ ਕੀਤੇ ਗਏ ਪੈਨਸ਼ਨ ਕਾਰਡ ਵੀ ਪ੍ਰਦਾਨ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਸਰਕਾਰੀ ਵਿਭਾਗਾਂ ਵਿੱਚ ਲੋਕਾਂ ਨੂੰ ਬਿਨਾਂ ਕਿਸੇ ਅਹਿਮ ਜ਼ਰੂਰਤ ਤੋਂ ਜਾਣ ਦੀ ਲੋੜ ਨਾ ਪਵੇ ਅਤੇ ਬਹੁਤੇ ਕੰਮ ਘਰ ਬੈਠਿਆਂ ਹੀ ਆਨਲਾਈਨ ਪ੍ਰਣਾਲੀ ਰਾਹੀਂ ਜਾਂ ਫਿਰ ਅਜਿਹੇ ਕੈਂਪਾਂ ਰਾਹੀਂ ਹੁੰਦੇ ਰਹਿਣ। ਉਨ੍ਹਾਂ ਕਿਹਾ ਕਿ ਸਬ ਡਵੀਜਨਾਂ ਵਿੱਚ ਹਰ ਹਫ਼ਤੇ ਔਸਤਨ 2-3 ਕੈਂਪ ਲੱਗ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਦੇ ਲੱਗਣ ਬਾਰੇ ਵੱਖ-ਵੱਖ ਢੰਗਾਂ ਨਾਲ ਸਬੰਧਤ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਬਚ ਸਕੇ ਅਤੇ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਕੈਂਪਾ ਦਾ ਲਾਭ ਹਾਸਲ ਕਰ ਸਕਣ। ਇਸ ਮੌਕੇ ਵਿਧਾਇਕ ਲਹਿਰਾ ਬਰਿੰਦਰ ਗੋਇਲ ਦੇ ਬੇਟੇ ਗੌਰਵ ਗੋਇਲ ਨੇ ਕਿਹਾ ਕਿ ਕੈਂਪਾਂ ਪ੍ਰਤੀ ਲੋਕਾਂ ਦਾ ਸਾਰਥਕ ਹੁੰਗਾਰਾ ਹੈ ਅਤੇ ਚੁਫਰਿਓਂ ਕੈਂਪਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਜਿਥੇ ਸਰਕਾਰੀ ਵਿਭਾਗਾਂ ਵਿੱਚ ਬਿਨਾਂ ਕਿਸੇ ਵੱਡੀ ਜ਼ਰੂਰਤ ਤੋਂ ਲੋਕਾਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਉਥੇ ਹੀ ਕੈਂਪਾਂ ਦੌਰਾਨ ਮੌਕੇ ’ਤੇ ਹੀ ਕਈ ਸਹੂਲਤਾਂ ਦਾ ਲਾਭ ਲੋੜਵੰਦਾਂ ਨੂੰ ਮਿਲ ਜਾਂਦਾ ਹੈ। ਇਸ ਦੌਰਾਨ ਐਸ.ਡੀ.ਐਮ ਸੂਬਾ ਸਿੰਘ ਨੇ ਦੱਸਿਆ ਕਿ ਲਹਿਰਾ ਤੇ ਮੂਨਕ ਸਬ ਡਵੀਜਨਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਵਜੋਂ ਹਰ ਹਫ਼ਤੇ ਪੜਾਅਵਾਰ ਕੈਂਪ ਲੱਗ ਰਹੇ ਹਨ ਜਿਸ ਵਿੱਚ ਖੇਤੀਬਾੜੀ, ਮਾਲ ਵਿਭਾਗ, ਸਹਿਕਾਰਤਾ, ਜਲ ਸਪਲਾਈ, ਕਿਰਤ ਵਿਭਾਗ, ਸਿਹਤ ਵਿਭਾਗ, ਪੁਲਿਸ, ਸਮਾਜਿਕ ਸੁਰੱਖਿਆ, ਭੂਮੀ ਰੱਖਿਆ, ਸੀਵਰੇਜ ਬੋਰਡ ਆਦਿ ਦਾ ਅਮਲਾ ਤਾਇਨਾਤ ਹੁੰਦਾ ਹੈ ਅਤੇ ਸੁਚੱਜੇ ਢੰਗ ਨਾਲ ਹਰ ਸ਼ਿਕਾਇਤ ਤੇ ਸਮੱਸਿਆ ਦਾ ਨਿਬੇੜਾ ਕੀਤਾ ਜਾਂਦਾ ਹੈ।

Related Post