ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਫੋਗਿੰਗ ‘ਚ ਤੇਜੀ ਲਿਆਉਣ ਦੇ ਦਿੱਤੇ ਆਦੇਸ਼
- by Jasbeer Singh
- November 4, 2024
ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਫੋਗਿੰਗ ‘ਚ ਤੇਜੀ ਲਿਆਉਣ ਦੇ ਦਿੱਤੇ ਆਦੇਸ਼ ਲੋਕਾਂ ਨੂੰ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਤੇ ਮੱਛਰ ਪੈਦਾ ਹੋਣ ਵਾਲੇ ਪਾਣੀ ਦੇ ਸਰੋਤ ਲਗਾਤਾਰ ਚੈਕ ਕਰਦੇ ਰਹਿਣ ਦੀ ਕੀਤੀ ਅਪੀਲ ਪਟਿਆਲਾ 4 ਨਵੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਡੇਂਗੂ ਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਮੱਛਰ ਪੈਦਾ ਹੋਣ ਵਾਲੇ ਫੋਗਿੰਗ ‘ਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ । ਉਹਨਾਂ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਅਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ: ਜਤਿੰਦਰ ਕਾਂਸਲ, ਐਪੀਡਿਮੋਲੋਜਿਸਟ ਡਾ: ਸੁਮਿਤ ਸਿੰਘ, ਐਸ. ਐਮ. ਓਜ਼, ਸਮੂਹ ਕਾਰਜ ਸਾਧਕ ਅਫਸਰ, ਸਮੂਹ ਬੀ.ਡੀ.ਪੀ.ਓਜ਼ ਸਮੇਤ ਹੋਰ ਅਧਿਕਾਰੀਆਂ ਨਾਲ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਇਕ ਬੈਠਕ ਕੀਤੀ । ਉਹਨਾਂ ਕਿਹਾ ਕਿ ਸ਼ਹਿਰ ਵਿੱਚ ਮੱਛਰਾਂ ਦੇ ਵੱਧ ਜਾਣ ਕਾਰਨ ਡੇਂਗੂ ਤੇ ਚਿਕਨਗੁਨੀਆ ਬੁਖਾਰ ਦੇ ਕੇਸ ਵਧ ਰਹੇ ਹਨ ਜਿਸ ਦੀ ਰੋਕਥਾਮ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਫਾਗਿੰਗ ਵਿੱਚ ਕੋਈ ਕਸਰ ਨਾ ਛੱਡੀ ਜਾਵੇ । ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਮੂਹ ਐਸ. ਐਮ. ਓਜ਼. ਤੋਂ ਡੇਂਗੂ ਦੇ ਕੇਸਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਹਦਾਇਤ ਕੀਤੀ ਕਿ ਪ੍ਰਭਾਵਿਤ ਖੇਤਰਾਂ ਵਿੱਚ ਫਾਗਿੰਗ ਦੇ ਨਾਲ ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੱਛਰ ਦੀ ਪੈਦਾਵਾਰ ਆਮ ਜਨਤਾ ਦੀ ਮਦਦ ਨਾਲ ਹੀ ਖਤਮ ਕੀਤੀ ਜਾ ਸਕਦੀ ਹੈ । ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਤਾਂ ਜੋ ਮੱਛਰਾਂ ਦਾ ਲਾਰਵਾ ਨਾ ਪੈਦਾ ਹੋਵੇ । ਉਹਨਾਂ ਕਿਹਾ ਕਿ ਘਰਾਂ ਵਿੱਚ ਖੜ੍ਹੇ ਸਾਫ ਪਾਣੀ ਨਾਲ ਹੀ ਮੱਛਰ ਪੈਦਾ ਹੁੰਦਾ ਹੈ ਜਿਸ ਤੋ ਡੇਂਗੂ , ਮਲੇਰੀਆ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ । ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਨਾਲ ਮਿਲਕੇ ਡੇਂਗੂ ਵਿਰੁੱਧ ਮੁਹਿੰਮ ਚਲਾਈ ਗਈ ਹੈ । ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰਾਂ ਤੋਂ ਬਚਾਅ ਲਈ ਅਤੇ ਮੱਛਰਾਂ ਦੇ ਕੱਟਣ ਤੋ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ । ਮੀਟਿੰਗ ਦੌਰਾਨ ਸਿਵਲ ਸਰਜਨ ਡਾ: ਜਤਿੰਦਰ ਕਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਖੜੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.