
ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ 'ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ
- by Jasbeer Singh
- July 16, 2025

ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ 'ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ -ਐਮ. ਪੀ. ਲੈਡ, ਵਿਵੇਕੀ ਗ੍ਰਾਂਟਾਂ ਤੇ ਪੰਜਾਬ ਨਿਰਮਾਣ ਫੰਡਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਦਾ ਗੰਭੀਰ ਨੋਟਿਸ -ਬੀ. ਡੀ. ਪੀ. ਓਜ ਪਿੰਡਾਂ ਦੇ ਵਿਕਾਸ ਕੰਮਾਂ 'ਚ ਹੋਰ ਤੇਜੀ ਲਿਆਉਣ : ਡਾ. ਪ੍ਰੀਤੀ ਯਾਦਵ -ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤਾਂ, ਠੋਸ ਤੇ ਤਰਲ ਕੂੜਾ ਪ੍ਰਬੰਧਨ ਪ੍ਰਾਜੈਕਟ ਮੁਕੰਮਲ ਕੀਤੇ ਜਾਣ -ਸਾਰੇ ਪਿੰਡਾਂ 'ਚ ਸਟੇਡੀਅਮ, ਆਂਗਣਵਾੜੀਆਂ ਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮਾਂ 'ਚ ਵੀ ਤੇਜੀ ਲਿਆਉਣ 'ਤੇ ਜ਼ੋਰ ਪਟਿਆਲਾ, 16 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ । ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨਿਰਮਾਣ, ਐਮ. ਪੀ. ਲੈਡ ਤੇ ਵਿਵੇਕੀ ਗ੍ਰਾਂਟਾਂ, 15ਵੇਂ ਵਿੱਤ ਕਮਿਸ਼ਨ, ਮੁੱਖ ਮੰਤਰੀ ਵੱਲੋਂ ਭੇਜੀਆਂ ਗ੍ਰਾਂਟਾਂ, ਬੰਧਨ ਮੁਕਤ, ਆਰ.ਡੀ.ਐਫ. ਤੇ ਹੋਰ ਪਿਛਲੀਆਂ ਵਿੱਤੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਦਾ ਗੰਭੀਰ ਨੋਟਿਸ ਲਿਆ । ਡਿਪਟੀ ਕਮਿਸ਼ਨਰ ਨੇ ਇੱਥੇ ਏ. ਡੀ. ਸੀ. (ਦਿਹਾਤੀ) ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ ਤੇ ਬੀ. ਡੀ. ਪੀ. ਓਜ. ਨਾਲ ਮੀਟਿੰਗ ਕਰਦਿਆਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਮੁਕੰਮਲ ਕਰਵਾਉਣ ਅਤੇ ਪਿਛਲੀਆਂ ਗ੍ਰਾਂਟਾਂ ਦੇ ਕੰਮ ਕਰਵਾ ਕੇ ਵਰਤੋਂ ਸਰਟੀਫਿਕੇਟ ਦੇ ਬਕਾਇਆ ਜ਼ੀਰੋ ਕਰਨ 'ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਸਾਰੇ ਪਿੰਡਾਂ 'ਚ ਸਟੇਡੀਅਮ, ਆਂਗਣਵਾੜੀਆਂ ਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮਾਂ 'ਚ ਵੀ ਤੇਜੀ ਲਿਆਉਣ 'ਤੇ ਵੀ ਜ਼ੋਰ ਦਿੰਦਿਆਂ ਪਿੰਡਾਂ ਨੂੰ ਤਰਲ ਕੂੜੇ ਪ੍ਰਬੰਧਨ ਤਹਿਤ ਲਿਆ ਕੇ ਗੰਦੇ ਪਾਣੀ ਦੇ ਨਿਪਟਾਰੇ ਦੀ ਸਮੱਸਿਆ ਦੇ ਹੱਲ ਕਰਨ ਲਈ ਵੀ ਹਦਾਇਤ ਕੀਤੀ । ਸਾਰੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਰੇਕ ਅਧਿਕਾਰੀ ਪ੍ਰਗਤੀ ਦਿਖਾਵੇ ਤੇ ਕਿਸੇ ਵੀ ਕੰਮ ਵਿੱਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਨੇ ਸਮੂਹ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਪਿੰਡਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਰਿਪੋਰਟ ਪਿੰਡ ਵਾਈਜ਼ ਤਿਆਰ ਕਰਕੇ ਜਮ੍ਹਾਂ ਕਰਵਾਉਣ। ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਹਰ ਘਰ ਪੀਣ ਵਾਲਾ ਸਾਫ਼-ਸੁਥਰਾ ਜਲ ਉਪਲਬਧ ਕਰਵਾਉਣ ਤੇ ਹਰ ਘਰ 'ਚ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਚਾਲੂ ਵਿਕਾਸ ਪ੍ਰਾਜੈਕਟ ਤੁਰੰਤ ਮੁਕੰਮਲ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਸੈਟੀਟੇਸ਼ਨ ਅਫ਼ਸਰ ਤੇ ਜ਼ਿਲ੍ਹਾ ਜਲ ਅਫ਼ਸਰ, ਪੰਚਾਇਤੀ ਰਾਜ ਦੇ ਐਸਡੀਓ ਅਮਨਦੀਪ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।