
ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਪੁੱਟੀ ਸੜਕ ਦੇ ਮੁਰੰਮਤ ਦੇ ਕੰਮ ਦਾ ਜਾਇਜ਼ਾ
- by Jasbeer Singh
- September 17, 2025

ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਪੁੱਟੀ ਸੜਕ ਦੇ ਮੁਰੰਮਤ ਦੇ ਕੰਮ ਦਾ ਜਾਇਜ਼ਾ -ਖਰਾਬ ਸੜਕ ਕਰਕੇ ਲੋਕਾਂ ਨੂੰ ਦਰਪੇਸ਼ ਪ੍ਰੇ਼ਸ਼ਾਨੀ ਤੁਰੰਤ ਦੂਰ ਕਰਨ ਦੇ ਸਖ਼ਤ ਨਿਰਦੇਸ਼ -ਸਮਾਂਬੱਧ ਢੰਗ ਨਾਲ ਕੰਮ ਨਾ ਹੋਏ ਤਾਂ ਸਬੰਧਤਾਂ ਵਿਰੁੱਧ ਹੋਵੇਗੀ ਵਿਭਾਗੀ ਕਾਰਵਾਈ : ਡੀ. ਸੀ. ਪਟਿਆਲਾ, 17 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਵੇਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਖੰਡਾ ਚੌਂਕ ਨੇੜੇ ਸ਼ਹਿਰ 'ਚ 24X7 ਨਹਿਰੀ ਪਾਣੀ ਦੀ ਸਪਲਾਈ ਲਈ ਪਾਈ ਗਈ ਪਾਈਪਲਾਈਨ ਕਰਕੇ ਪੁੱਟੀ ਹੋਈ ਸੜਕ ਉਪਰ ਟਾਇਲਾਂ ਲਾਉਣ ਦੇ ਕੰਮ ਦਾ ਨਿਰੀਖਣ ਕੀਤਾ । ਇਸ ਮੌਕੇ ਉਨ੍ਹਾਂ ਨੇ ਐੱਲ ਐਂਡ ਟੀ. ਦੇ ਪ੍ਰਾਜੈਕਟ ਅਫ਼ਸਰ ਸੁਖਦੇਵ ਝਾਅ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਦਰਪੇਸ਼ ਪ੍ਰੇ਼ਸ਼ਾਨੀ ਤੁਰੰਤ ਦੂਰ ਕੀਤੀ ਜਾਵੇ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੇੜੇ ਪਾਣੀ ਦੀਆਂ ਦੋ ਪਾਈਪਲਾਈਨਾਂ ਪਾਉਣ ਦਾ ਕੰਮ ਬੇਸ਼ੱਕ ਮੁਕੰਮਲ ਕਰਕੇ ਇਸ ਉਪਰ ਸੜਕ ਉਪਰ ਆਵਾਜਾਈ ਚਲਾ ਦਿਤੀ ਗਈ ਹੈ ਪਰੰਤੂ ਅਜੇ ਤੱਕ ਇਸ ਉਪਰ ਟਾਈਲਾਂ ਨਹੀਂ ਲੱਗੀਆਂ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਜਿਸ ਲਈ ਜੇਕਰ ਇਸ ਕੰਮ ਵਿੱਚ ਹੋਰ ਦੇਰੀ ਹੋਈ ਤਾਂ ਸਬੰਧਤ ਅਧਿਕਾਰੀ ਜਿੰਮੇਵਾਰ ਹੋਣਗੇ । ਉਨ੍ਹਾਂ ਕਿਹਾ ਕਿ ਕਿਸੇ ਦੀ ਦੇਰੀ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਰਾ ਕੰਮ ਦਿਨ ਰਾਤ ਇੱਕ ਕਰਕੇ ਤੁਰੰਤ ਮੁਕੰਮਲ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਗਰ ਨਿਗਮ ਦੇ ਐੱਸ. ਈ. ਰਾਜਿੰਦਰ ਚੋਪੜਾ, ਲੋਕ ਨਿਰਮਾਣ ਦੇ ਐਕਸੀਅਨ ਪਿਊਸ਼ ਅਗਰਵਾਲ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ. ਡੀ. ਓ. ਹਰਨੀਸ਼ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਿਰੰਤਰ ਤਤਪਰ ਹੈ ਅਤੇ ਇਸੇ ਤਹਿਤ ਲੋਕਾਂ ਨੂੰ ਨਿਰਵਿਘਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੇਲ ਰੋਡ, ਸਰਹਿੰਦ ਰੋਡ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਟ੍ਰੈਫਿਕ ਦੀ ਆਵਾਜਾਈ ਬਹੁਤ ਜ਼ਿਆਦਾ ਹੈ ਅਤੇ ਨਵੰਬਰ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਸਮਾਗਮ ਆ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਸ਼ਰਧਾਲੂ 24 ਘੰਟੇ ਆਉਂਦੇ ਰਹਿੰਦੇ ਹਨ, ਇਸ ਲਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ । ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਲਗਾ ਦਿੱਤਾ ਗਿਆ ਹੈ ਕਿਉਂਕਿ ਪ੍ਰਸ਼ਾਸਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝ ਰਿਹਾ ਹੈ ਪਰੰਤੂ ਪਾਣੀ ਦੀ ਪਾਈਪਲਾਈਨ ਪਾਉਣ ਲਈ ਸੜਕਾਂ ਪੁੱਟਣੀਆਂ ਹੀ ਪੈਣੀਆਂ ਸਨ, ਜਿਸ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਨਾਲੋ-ਨਾਲ ਦੂਰ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ।