
ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਪਾਣੀ ਦੀ ਪਾਈਪਲਾਈਨ ਦੇ ਕੰਮ ਦਾ ਜਾਇਜ਼ਾ
- by Jasbeer Singh
- July 19, 2025

ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਪਾਣੀ ਦੀ ਪਾਈਪਲਾਈਨ ਦੇ ਕੰਮ ਦਾ ਜਾਇਜ਼ਾ ਦਿਨ-ਰਾਤ ਕਰਕੇ ਕੰਮ ਜਲਦੀ ਨਿਪਟਾਉਣ ਦੇ ਆਦੇਸ਼ -ਗੁਰਦੁਆਰਾ ਸਾਹਿਬ ਦੀ ਬਾਹਰਲੀ ਪਾਰਕਿੰਗ ਚ ਪੀ ਐਨ ਸੀ ਚੈਨਲ ਵਿੱਚ ਖੜ੍ਹਦਾ ਪਾਣੀ ਸੁਕਾਉਣ ਤੇ ਸਾਫ਼-ਸਫ਼ਾਈ ਲਈ ਇੰਜੀਨੀਅਰਾਂ ਦੀ ਕਮੇਟੀ ਗਠਿਤ -ਗੁਰਦੁਆਰਾ ਸਾਹਿਬ ਨੇੜੇ ਨਹਿਰੀ ਪਾਣੀ ਪਾਈਪਲਾਈਨ ਦਾ ਕੰਮ ਮੁਕਾ ਕੇ ਇੱਕ ਹਫ਼ਤੇ ਵਿੱਚ ਸੜਕ ਉਪਰ ਆਵਾਜਾਈ ਚਲਦੀ ਕਰਨ ਦੀ ਹਦਾਇਤ ਪਟਿਆਲਾ, 19 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਦੇਰ ਸ਼ਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਸ਼ਹਿਰ 'ਚ 24X7 ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਐਕਸੀਅਨ ਸੀਵਰੇਜ ਬੋਰਡ ਨੂੰ ਹਦਾਇਤ ਕੀਤੀ ਕਿ ਐੱਲ ਐਂਡ ਟੀ ਵੱਲੋਂ ਪਾਈ ਜਾ ਰਹੀ ਪਾਈਪਲਾਈਨ ਦਾ ਕੰਮ ਗੁਰਦੁਆਰਾ ਸਾਹਿਬ ਨੇੜੇ ਇੱਕ ਹਫ਼ਤੇ ਵਿਚ ਮੁਕੰਮਲ ਕਰਕੇ ਸੜਕ ਉਪਰ ਆਵਾਜਾਈ ਨੂੰ ਚਲਦਾ ਕੀਤਾ ਜਾਵੇ । ਡਿਪਟੀ ਕਮਿਸ਼ਨਰ ਦੇ ਨਾਲ ਏ.ਡੀ.ਸੀ. ਨਵਰੀਤ ਕੌਰ ਸੇਖੋਂ ਸਮੇਤ ਨਗਰ ਨਿਗਮ ਦੇ ਐੱਸ.ਈ ਹਰਕਿਰਨ ਸਿੰਘ, ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਦਿਨੇਸ਼ ਧਵਨ, ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ, ਲੋਕ ਨਿਰਮਾਣ ਦੇ ਐਕਸੀਅਨ ਪਿਊਸ਼ ਅਗਰਵਾਲ, ਵਣ ਮੰਡਲ ਅਫ਼ਸਰ ਗੁਰ ਮਨਪ੍ਰੀਤ ਸਿੰਘ, ਰੇਂਜ ਅਫ਼ਸਰ ਸਵਰਨ ਸਿੰਘ ਤੇ ਚਰਨਜੀਤ ਸਿੰਘ ਸੋਢੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਿਰੰਤਰ ਤਤਪਰ ਹੈ ਅਤੇ ਇਸੇ ਤਹਿਤ ਲੋਕਾਂ ਨੂੰ ਨਿਰਵਿਘਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਨੇੜੇ ਬਾਹਰਲੀ ਪਾਰਕਿੰਗ ਵਿਖੇ ਪੀ. ਐਨ. ਸੀ. ਚੈਨਲ ਵਿੱਚ ਖੜ੍ਹੇ ਪਾਣੀ ਨੂੰ ਕੱਢਣ ਲਈ ਅਤੇ ਇੱਥੇ ਸਾਫ਼ ਸਫ਼ਾਈ ਕਰਨ ਲਈ ਐੱਸ.ਈ ਨਗਰ ਨਿਗਮ ਸਮੇਤ ਕਾਰਜਕਾਰੀ ਇੰਜੀਨੀਅਰ ਡਰੇਨੇਜ, ਜਲ ਸਪਲਾਈ ਤੇ ਸੀਵਰੇਜ ਬੋਰਡ ਸਮੇਤ ਹੋਰ ਅਧਿਕਾਰੀਆਂ ਉੱਤੇ ਅਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਕਿੰਗ ਵਿੱਚ ਬਣੇ ਹੋਏ ਪਖਾਨਿਆਂ ਦੀ ਮੁਰੰਮਤ ਕਰਨ ਅਤੇ ਇਨ੍ਹਾਂ ਨੂੰ ਬਿਹਤਰ ਤੇ ਸਾਫ਼ ਸੁਥਰੇ ਢੰਗ ਨਾਲ ਚਲਾਉਣ ਲਈ ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜੇਲ੍ਹ ਰੋਡ 'ਤੇ ਤ੍ਰਿਪੜੀ ਟੀ ਪੁਆਇੰਟ ਤੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅੱਗਿਓਂ ਹੁੰਦੇ ਹੋਏ ਵਾਇਆ ਖੰਡਾ ਚੌਂਕ 18 ਨੰਬਰ ਫਾਟਕ ਫਲਾਈਓਵਰ (ਪੁਰਾਣਾ ਬੱਸ ਸਟੈਂਡ) ਤੋ ਪਹਿਲਾਂ ਹੋਟਲਾਂ ਵਾਲੇ ਚੌਂਕ ਤੱਕ ਅਤੇ ਐੱਫ਼.ਸੀ.ਆਈ. ਗੁਦਾਮਾਂ ਤੋ ਸਰਕਾਰੀ ਤੋ ਹੁੰਦੇ ਹੋਏ ਦੁਖ ਨਿਵਾਰਨ ਸਾਹਿਬ ਰੋਡ 'ਤੇ ਚੱਲਦੇ ਕੰਮ ਦਾ ਜਾਇਜ਼ਾ ਲਿਆ ਅਤੇ ਇਸ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੇਲ ਰੋਡ, ਸਰਹਿੰਦ ਰੋਡ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਟ੍ਰੈਫਿਕ ਦੀ ਆਵਾਜਾਈ ਬਹੁਤ ਜ਼ਿਆਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਸ਼ਰਧਾਲੂ 24 ਘੰਟੇ ਆਉਂਦੇ ਰਹਿੰਦੇ ਹਨ, ਇਸ ਲਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ । ਉਨ੍ਹਾਂ ਨੇ ਕਿਹਾ ਕਿ 24 ਘੰਟੇ ਨਹਿਰੀ ਪਾਣੀ ਦੀ ਪਾਈਪਲਾਈਨ ਪਾਉਣ ਲਈ ਪੁੱਟੀ ਜਾਣ ਵਾਲੀ ਸੜਕ ਕਰਕੇ ਆਵਾਜਾਈ ਪ੍ਰਭਾਵਿਤ ਹੋਣ ਤੋ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ ਤਾਂ ਕਿ ਸੜਕ ਪੁੱਟਣ ਤੋ ਬਾਅਦ ਪਾਈਪਲਾਈਨ ਪਾਉਣ ਦੇ ਬਾਅਦ ਸੜਕ ਨੂੰ ਤੁਰੰਤ ਚਲਣਯੋਗ ਬਣਾਇਆ ਜਾਵੇ ਤਾਂ ਕਿ ਆਵਾਜਾਈ ਪ੍ਰਭਾਵਿਤ ਨਾ ਹੋਵੇ ।