
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਗਰੂਰ ਜ਼ਿਲ੍ਹੇ ‘ਚ ਕਰਵਾਈ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ
- by Jasbeer Singh
- September 17, 2024

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਗਰੂਰ ਜ਼ਿਲ੍ਹੇ ‘ਚ ਕਰਵਾਈ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਸੰਗਰੂਰ, 17 ਸਤੰਬਰ: ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਗਾਂਧੀ ਜੈਅੰਤੀ ਤੱਕ ਚੱਲਣ ਵਾਲੀ ਸਵੱਛਤਾ ਹੀ ਸੇਵਾ (ਐਸ.ਐਚ.ਐਸ.)-2024 ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਸਵੱਛ ਭਾਰਤ ਮਿਸ਼ਨ ਦੀ 10ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵਲੋ ਜ਼ਿਲ੍ਹਾ ਸੰਗਰੂਰ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਆਪੋ-ਆਪਣੇ ਦਫ਼ਤਰਾਂ ਦੀ ਸਫਾਈ ਯਕੀਨੀ ਬਣਾ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਹਦਾਇਤ ਕੀਤੀ ਗਈ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਸੰਗਰੂਰ ਦੇ ਕਾਰਜਕਾਰੀ ਇੰਜੀਨੀਅਰ ਹਨੀ ਗੁਪਤਾ ਅਤੇ ਹੋਰਨਾਂ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 'ਸਵੱਛਤਾ ਸਹੁੰ' ਵੀ ਚੁਕਾਈ ਗਈ। ਇਸ ਤੋਂ ਬਾਅਦ 'ਸਵੱਛਤਾ ਭਾਗੀਦਾਰੀ' ਸ਼੍ਰਮਦਾਨ ਰਾਹੀਂ ਇਮਾਰਤ ਅਤੇ ਦਫ਼ਤਰ ਕੰਪਲੈਕਸ, ਸਾਰੇ ਰਸਤਿਆਂ, ਕੰਮ ਕਰਨ ਵਾਲੀ ਥਾਂ, ਡੈਸਕਟਾਪ ਅਤੇ ਫਾਈਲਾਂ ਅਤੇ ਰਿਕਾਰਡਾਂ ਦਾ ਪ੍ਰਬੰਧ ਸਹੀ ਕਰਕੇ ਸਫਾਈ ਵੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੰਗਲਾ ਅਤੇ ਸਵੱਛ ਪੰਜਾਬ ਬਣਾਉਣ ਲਈ ਸਵੱਛਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਸਾਫ਼-ਸਫ਼ਾਈ ਦੇ ਅਭਿਆਸਾਂ ਦੇ ਸਬੰਧ ਵਿੱਚ ਜ਼ਿੰਮੇਵਾਰੀ ਅਤੇ ਵਿਵਹਾਰ ਵਿੱਚ ਤਬਦੀਲੀ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸਾਰਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਅਤੇ ਸੱਭਿਆਚਾਰ ਦੇ ਹਿੱਸੇ ਵਜੋਂ ਸਵੱਛਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਯੋਜਨਾਬੱਧ ਗਤੀਵਿਧੀਆਂ ਅਤੇ ਪਹਿਲਕਦਮੀਆਂ ਜਾਗਰੂਕਤਾ ਪੈਦਾ ਕਰਨਗੀਆਂ ਅਤੇ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਕੀਤੀ ਗਈ ਇਹ ਮੁਹਿੰਮ ਸਵੱਛ ਭਾਰਤ ਦਿਵਸ ਦੇ ਮੌਕੇ 'ਤੇ 02.10.2024 ਨੂੰ ਸ਼੍ਰਮਦਾਨ ਨਾਲ ਸਮਾਪਤ ਹੋਵੇਗੀ, ਤਾਂ ਜੋ ਸਵੱਛਤਾ ਨੂੰ ਜੀਵਨ ਦਾ ਤਰੀਕਾ ਬਣਾਉਣ ਲਈ ਮਹਾਤਮਾ ਗਾਂਧੀ ਦੀ ਵਿਰਾਸਤ ਦਾ ਸਨਮਾਨ ਕੀਤਾ ਜਾ ਸਕੇ । ਇਸ ਮੌਕੇ ਸਾਰੇ ਅਧਿਕਾਰੀਆਂ ਨੇ ਸਵੱਛਤਾ ਦਾ ਸੰਦੇਸ਼ ਲੋਕਾਂ ਵਿੱਚ ਫੈਲਾਉਣ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਵਧਣ ਦਾ ਵੀ ਪ੍ਰਣ ਲਿਆ ।