post

Jasbeer Singh

(Chief Editor)

Patiala News

ਪੀ. ਯੂ. ਵਿਚ ਜਾਅਲੀ ਬਿੱਲ ਨਾਲ ਹੋਏ ਵੱਡੇ ਘਪਲੇ ਵਿੱਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਨੂੰ ਮੁਅੱਤਲ

post-img

ਪੀ. ਯੂ. ਵਿਚ ਜਾਅਲੀ ਬਿੱਲ ਨਾਲ ਹੋਏ ਵੱਡੇ ਘਪਲੇ ਵਿੱਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਨੂੰ ਮੁਅੱਤਲ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਕਰੀਬ ਤਿੰਨ ਸਾਲ ਪਹਿਲਾਂ ਜਾਅਲੀ ਬਿੱਲ ਨਾਲ ਹੋਏ ਵੱਡੇ ਘਪਲੇ ਵਿੱਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਨੂੰ ਮੁਅੱਤਲ ਕਰ ਦਿੱਤਾ ਹੈ। ਰਜਿਸਟਰਾਰ ਵਲੋਂ ਜਾਰੀ ਪੱਤਰ ਅਨੁਸਾਰ ਯੂਨੀਵਰਸਿਟੀ ਵਿਖੇ ਰਿਸਰਚ ਫੈਲੋਜ਼ ਦੇ ਫਰਜ਼ੀ ਤਨਖਾਹ ਜਾਂ ਫੈਲੋਸਿ਼ਪ ਦੇ ਬਿੱਲਾਂ ਦੇ ਮਾਮਲੇ ਵਿੱਚ ਪੜਤਾਲ ਕਰਨ ਲਈ ਵਾਈਸ ਚਾਂਸਲਰ ਵੱਲੋਂ ਅੰਦਰੂਨੀ ਕਮੇਟੀ ਦਾ ਗਠਨ ਕੀਤਾ ਗਿਆ । ਕਮੇਟੀ ਵਲੋਂ ਜਾਂਚ ਦੌਰਾਨ 125 ਬਿੱਲਾਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਅਨੁਸਾਰ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਧਰਮਪਾਲ ਗਰਗ ਵਲੋਂ ਰਿਸਰਚ ਫੈਲੋਜ਼ ਦੇ ਫਰਜ਼ੀ ਤਨਖਾਹ ਜਾਂ ਫੈਲੋਸ਼ਿਪ ਦੇ ਬਿੱਲ ਪਾਸ ਕਰਨ ਵਿੱਚ ਸ਼ਮੂਲੀਅਤ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਆਧਾਰ ਤੇ ਡਿਪਟੀ ਰਜਿਸਟਰਾਰ ਨੂੰ ਮੁਅੱਤਲ ਕੀਤਾ ਗਿਆ ਹੈ । ਰਜਿਸਟਰਾਰ ਵੱਲੋਂ ਜਾਰੀ ਹੁਕਮ ਅਨੁਸਾਰ ਮੋਤਲੀ ਦੇ ਸਮੇਂ ਦੌਰਾਨ ਇਹਨਾਂ ਦਾ ਹੈਡ ਕੁਆਰਟਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਅਤੇ ਕੰਟਰੋਲਿੰਗ ਅਫਸਰ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਹੋਣਗੇ। ਸਾਲ 2021 ’ਚ ਪੰਜਾਬੀ ਜਾਗਰਣ ਨੇ ਪੰਜਾਬੀ ਯੂਨੀਵਰਸਿਟੀ ’ਚ ਹੋਏ ਇਸ ਘਪਲੇ ਦਾ ਖ਼ੁਲਾਸਾ ਕੀਤਾ ਸੀ। ਕਰੀਬ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਨੇ ਲੱਖਾਂ ਦੀ ਰਾਸ਼ੀ ਜਾਅਲੀ ਬਿੱਲ, ਮੋਹਰਾਂ ਤੇ ਦਸਤਖਤਾਂ ਨਾਲ ਆਪਣੇ ਤੇ ਹੋਰ ਸਾਥੀਆਂ ਦੇ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਵਾਈ ਸੀ । ਇਸ ਸਬੰਧੀ ਯੂਨੀਵਰਸਿਟੀ ਨੇ ਸੱਤ ਜਣਿਆਂ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕਰਵਾਇਆ। ਯੂਨੀਵਰਸਿਟੀ ਨੇ ਆਪਣੇ ਪੱਧਰ ’ਤੇ ਵੀ ਜਾਂਚ ਜਾਰੀ ਰੱਖੀ। ਇਸ ਜਾਂਚ ’ਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ। ਜਾਂਚ ’ਚ ਪਤਾ ਲੱਗਾ ਕਿ ਸੀਨੀਅਰ ਸਹਾਇਕ ਨੇ ਯੂਨੀਵਰਿਸਟੀ ਦੇ ਹੋਰ ਮੁਲਾਜ਼ਮਾਂ ਦੇ ਬੈਂਕ ਖ਼ਾਤਿਆਂ ’ਚ ਵੀ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਸੀ । ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ਦੇ ਬੈਂਕ ਖ਼ਾਤਿਆਂ ਦੇ ਵੇਰਵਿਆਂ ਦੀ ਪੜਤਾਲ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਘਪਲੇ ’ਚ ਹਿੱਸੇਦਾਰ ਮੰਨਿਆ ਗਿਆ। ਉਸ ਸਮੇਂ ਥਾਣਾ ਅਰਬਨ ਅਸਟੇਟ ਪੁਲਿਸ ਨੇ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਸਮੇਤ ਕੁੱਲ ਛੇ ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ। ਸੂਤਰਾਂ ਮੁਤਾਬਕ ਜੇਕਰ ਮਾਮਲੇ ਦੀ ਜਾਂਚ ਅੱਗੇ ਵਧਦੀ ਹੈ ਤਾਂ ਘਪਲੇ ਦੀ ਰਾਸ਼ੀ 70 ਕਰੋੜ ਤੱਕ ਪੁੱਜ ਸਕਦੀ ਹੈ। ਫਿਲਹਾਲ ਇਸ ਮਾਮਲੇ ਦੀ ਪੰਜਾਬੀ ਯੂਨੀਵਰਸਿਟੀ ਵਲੋਂ ਜਾਂਚ ਜਾਰੀ ਹੈ ਤੇ ਇਸਦਾ ਸੇਕ ਵੱਡੇ ਅਧਿਕਾਰੀਆਂ ਤੱਕ ਵੀ ਪੁੱਜਣ ਲੱਗਿਆ ਹੈ ਅਤੇ ਅਗਲੇ ਦਿਨਾਂ ਵਿਚ ਹੋਰ ਨਾਮ ਵੀ ਸਾਹਮਣੇ ਆਉਣਗੇ ।

Related Post