July 6, 2024 01:32:14
post

Jasbeer Singh

(Chief Editor)

Patiala News

ਝੋਨੇ ਦੀ ਲੁਆਈ ਸ਼ੁਰੂ ਹੋਣ ਦੇ ਬਾਵਜੂਦ ਕਰਮਗੜ੍ਹ ਰਜਬਾਹੇ ’ਚ ਨਹੀਂ ਆਇਆ ਪਾਣੀ

post-img

ਝੋਨੇ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਹਕੀਕਤ ਤੋਂ ਉਲਟ ਹਨ। ਇੱਥੇ ਸ਼ਹਿਰ ਕੋਲੋਂ ਲੰਘਦੇ ਕਰਮਗੜ੍ਹ ਰਜਬਾਹੇ ਦੀ ਅਤਾਂਲਾਂ ਬ੍ਰਾਂਚ ਵਿੱਚ ਕਈ ਸਾਲਾਂ ਤੋਂ ਪਾਣੀ ਨਹੀਂ ਆਇਆ। ਨਹਿਰੀ ਪਾਣੀ ਨੂੰ ਤਰਸਦੇ ਕਿਸਾਨਾਂ ਨੇ ਸਰਕਾਰ ਵੱਲੋਂ ਖੇਤੀ ਵਾਸਤੇ ਨਹਿਰੀ ਪਾਣੀ ਮੁੱਹਈਆ ਕਰਵਾਉਣ ਦੇ ਕੀਤੇ ਜਾਦੇ ਦਾਅਵਿਆਂ ਨੂੰ ਖੋਖਲੇ ਆਖਦੇ ਹੋਏ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਦੀ ਮੰਗ ਕੀਤੀ ਹੈ। ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਮਰੀਕ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਨਹਿਰਾਂ, ਰਜਬਾਹਿਆਂ ਤੇ ਖਾਲਾਂ ਦੀ ਖਸਤਾ ਹਾਲਤ ਹੋਣ ਕਾਰਨ ਟੇਲਾਂ ਤੱਕ ਪਾਣੀ ਨਹੀਂ ਪੁੱਜਦਾ। ਵਿਭਾਗ ਵਲੋਂ ਨਹਿਰਾਂ ਟੁੱਟਣ ਦੇ ਡਰੋਂ ਪੂਰਾ ਪਾਣੀ ਨਾ ਛੱਡਣ ਕਰਕੇ ਪੰਜਾਬ ਦਾ ਨਹਿਰੀ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ। ਪਿੰਡ ਕਾਹਨਗੜ੍ਹ ਘਰਾਚੋਂ ਦੇ ਕਿਸਾਨ ਜਸਵਿੰਦਰ ਸਿੰਘ, ਦਿਉਗੜ੍ਹ ਦੇ ਗੁਲਾਬ ਸਿੰਘ, ਜਗਪਾਲ ਸਿੰਘ ਨੇ ਦੱਸਿਆ ਕਿ ਪਾਤੜਾਂ ਦੇ ਬਾਈਪਾਸ ਦੇ ਨਾਲੋਂ ਲੰਘਦੇ ਕਰਮਗੜ੍ਹ ਰਜਬਾਹੇ ਦੀ ਅਤਾਂਲਾਂ ਬ੍ਰਾਂਚ ਜਦੋਂ ਕੱਚੀ ਸੀ ਉਸ ਸਮੇਂ ਪਾਣੀ ਆਉਂਦਾ ਸੀ ਤੇ ਇਸ ਨੂੰ ਪੱਕੀ ਕਰਨ ਮਗਰੋਂ ਇਸ ਦੀ ਢਲਾਣ ਅਤੇ ਪਾਣੀ ਝੱਲਣ ਦੀ ਸਮਰੱਥਾ ਘੱਟ ਹੋਣ ਕਾਰਨ ਪਾਣੀ ਟੇਲਾਂ ਤੱਕ ਨਹੀਂ ਪੁੱਜਦਾ। ਉਨ੍ਹਾਂ ਕਿਹਾ ਕਿ ਰਜਬਾਹੇ ਦੇ ਨਾਲ ਦੁਕਾਨਾਂ ਬਣ ਜਾਣ ਕਾਰਨ ਇਸ ਦਾ ਅਕਾਰ ਛੋਟਾ ਹੋ ਗਿਆ ਹੈ। ਇਸ ਤੋਂ ਇਲਾਵਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਅਣਅਧਿਕਾਰਤ ਪੁਲੀਆਂ ਬਣਾਉਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਹੈ ਕਿ ਗੰਦੇ ਨਾਲੇ ਵਿੱਚ ਬਦਲ ਚੁੱਕੇ ਰਜਬਾਹੇ ਦੀ ਵਿਭਾਗ ਨੇ ਸਾਰ ਨਹੀਂ ਲਈ। ਕਿਸਾਨਾਂ ਦੀ ਮੰਗ ਹੈ ਕਿ ਰਜਬਾਹੇ ਦਾ ਨਵੀਨੀਂਕਰਨ ਕਰਕੇ ਕਿਸਾਨਾਂ ਨੂੰ ਪਾਣੀ ਮੁੱਹਈਆ ਕਰਵਾਇਆ ਜਾਵੇ। ਨਹਿਰੀ ਵਿਭਾਗ ਦੇ ਐੱਸਡੀਓ ਪਟਿਆਲਾ ਨੇ ਕਿਹਾ ਕਿ ਕਰਮਗੜ੍ਹ ਰਜਬਾਹੇ ਦੀ ਮੇਨ ਬ੍ਰਾਂਚ ਅਤਾਂਲਾਂ ਦੇ ਨਵੀਨੀਕਰਨ ਦਾ ਕੰਮ ਨਵੰਬਰ ਜਾਂ ਦਸੰਬਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਹਿਰੀ ਪਾਣੀ ਪਹਿਲਾਂ ਵਾਂਗ ਹੀ ਰਹੇਗਾ।

Related Post