
ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026: ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ
- by Jasbeer Singh
- October 11, 2025

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026: ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ -15 ਅਕਤੂਬਰ ਤੱਕ ਆਨ ਲਾਈਨ ਕੁਇਜ਼ ’ਚ ਲਿਆ ਜਾ ਸਕਦੇ ਹਿੱਸਾ ਸੰਗਰੂਰ, 11 ਅਕਤੂਬਰ 2025 : ਭਾਰਤ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਕਰਵਾਇਆ ਜਾ ਰਿਹਾ ਹੈ । ਇਹ ਪ੍ਰਤੀਯੋਗਤਾ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦੀ ਹੈ, ਜਿਸ ਰਾਹੀਂ ਉਹ ਖੇਤੀਬਾੜੀ, ਹੁਨਰ ਵਿਕਾਸ, ਪ੍ਰਸ਼ਾਸਨ, ਸਪੇਸ ਤਕਨਾਲੋਜੀ ਆਦਿ ਖੇਤਰਾਂ ਨਾਲ ਸੰਬੰਧਿਤ ਵਿਸ਼ਿਆਂ 'ਤੇ ਆਪਣੀ ਨਵੀਂ ਸੋਚ ਤੇ ਨਵੀਨਤਮ ਵਿਚਾਰ ਪ੍ਰਗਟ ਕਰ ਸਕਦੇ ਹਨ । ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਆਈ. ਏ. ਐਸ. ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹਾ ਮੌਕਾ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਦਿਖਾਉਣ ਲਈ ਮੰਚ ਪ੍ਰਦਾਨ ਕਰਦਾ ਹੈ । ਉਨ੍ਹਾਂ ਕਿਹਾ ਕਿ ਕੁਇਜ਼ ਦੇ ਜੇਤੂ ਨੌਜਵਾਨਾਂ ਨੂੰ 12 ਜਨਵਰੀ 2026 ਨੂੰ ਕੌਮੀ ਯੁਵਾ ਦਿਵਸ ਮੌਕੇ ਆਪਣੇ ਵਿਚਾਰ ਕੌਮੀ ਪੱਧਰ ’ਤੇ ਪੇਸ਼ ਕਰਨ ਦਾ ਮੌਕਾ ਦੇਵੇਗਾ । ਉਨ੍ਹਾਂ ਦੱਸਿਆ ਕਿ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਲਈ ਚੋਣ ਪ੍ਰਕਿਰਿਆ ਚਾਰ ਪੜਾਵਾਂ ਵਿੱਚ ਕੀਤੀ ਜਾ ਰਹੀ ਹੈ । ਪਹਿਲਾ ਪੜਾਅ ਵਿਕਸਿਤ ਭਾਰਤ ਕੁਇਜ਼ ਹੈ, ਜੋ ਕਿ ਕੌਮੀ ਪੱਧਰ ਦਾ ਆਨਲਾਈਨ ਕੁਇਜ਼ ਹੈ ਅਤੇ ਪੋਰਟਲ mybharat.gov.in ’ਤੇ 1 ਸਤੰਬਰ ਤੋਂ 15 ਅਕਤੂਬਰ 2025 ਤੱਕ ਕਰਵਾਇਆ ਜਾ ਰਿਹਾ ਹੈ । ਇਸ ਦੇ ਜੇਤੂਆਂ ਦਾ ਐਲਾਨ 22 ਅਕਤੂਬਰ 2025 ਨੂੰ ਕੀਤਾ ਜਾਵੇਗਾ । ਕੁਇਜ਼ ਦੇ ਪਹਿਲੇ ਪੜਾਅ ’ਚ ਚੁਣੇ ਗਏ ਸਿਖਰਲੇ 10 ਪ੍ਰਤੀਸ਼ਤ ਭਾਗੀਦਾਰ ਅਗਲੇ ਪੜਾਅ ’ਚ ਹਿੱਸਾ ਲੈਣਗੇ, ਜੋ 23 ਅਕਤੂਬਰ ਤੋਂ 5 ਨਵੰਬਰ 2025 ਤੱਕ ਹੋਵੇਗਾ । ਇਸ ਤੋਂ ਬਾਅਦ ਚੁਣੇ ਗਏ ਨੌਜਵਾਨਾਂ ਨੂੰ 24 ਨਵੰਬਰ ਤੋਂ 8 ਦਸੰਬਰ 2025 ਤੱਕ ਸੂਬਾ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ । ਅਖੀਰਲਾ ਪੜਾਅ ਵਿਕਸਿਤ ਭਾਰਤ ਚੈਂਪੀਅਨਸ਼ਿਪ ਰੂਪ ਵਿੱਚ ਰਾਸ਼ਟਰੀ ਪੱਧਰ ’ਤੇ 10 ਤੋਂ 12 ਜਨਵਰੀ 2026 ਤੱਕ ਨਵੀਂ ਦਿੱਲੀ ਵਿੱਚ ਕੌਮੀ ਯੁਵਾ ਦਿਵਸ ਦੌਰਾਨ ਕਰਵਾਇਆ ਜਾਵੇਗਾ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਜ਼ਿਲ੍ਹੇ ਦਾ ਨਾਮ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਚਮਕਾਉਣ ਲਈ ਸੱਦਾ ਦਿੱਤਾ ।