
ਸਿੱਖਿਆ ਕ੍ਰਾਂਤੀ ਤਹਿਤ ਗਦਾਪੁਰ ਦੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜ ਲੋਕ ਅਰਪਿਤ
- by Jasbeer Singh
- May 21, 2025

ਸਿੱਖਿਆ ਕ੍ਰਾਂਤੀ ਤਹਿਤ ਗਦਾਪੁਰ ਦੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜ ਲੋਕ ਅਰਪਿਤ ਰਾਜਪੁਰਾ/ਘਨੌਰ/ਪਟਿਆਲਾ, 21 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ, ਗਦਾਪੁਰ ਬਲਾਕ ਡਾਹਰੀਆਂ ਜ਼ਿਲ੍ਹਾ ਪਟਿਆਲਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਨੂੰ ਹਲਕੇ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਲੋਕ ਅਰਪਿਤ ਕੀਤਾ । ਇਸ ਉਦੇਸ਼ ਹੇਠ ਆਯੋਜਿਤ ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਗੁਰਲਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੀ ਪ੍ਰਗਤੀ ਅਤੇ ਨਵੀਨਤਮ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਦਾ ਮਾਹੌਲ ਉਪਲਬਧ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ । ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਹੋਈ। ਇਸ ਮੌਕੇ ਸਕੂਲ ਮੁਖੀ ਮਮਤਾ ਰਾਣੀ ਅਤੇ ਸਟਾਫ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਗੁਲਦਸਤਿਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਤਹਿਤ ਨਵੇਂ ਬਣੇ ਸਮਾਰਟ ਕਲਾਸਰੂਮ, ਚਾਰਦੀਵਾਰੀ, ਸਾਇੰਸ ਲੈਬ ਅਤੇ ਵਾਲੀਬਾਲ ਗ੍ਰਾਉਂਡ ਨੂੰ ਲੋਕ ਅਰਪਣ ਕੀਤਾ ਗਿਆ। ਮਾਪਿਆਂ ਨੂੰ ਇਨ੍ਹਾਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਿੱਖਿਆ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ। ਦੌਲਤ ਰਾਮ ਹਲਕਾ ਸਿੱਖਿਆ ਕੋਆਰਡੀਨੇਟਰ ਵਿਭਾਗ ਨੇ ਦੱਸਿਆ ਕਿ ਵਿਧਾਇਕ ਗੁਰਲਾਲ ਘਨੌਰ ਨੇ ਬੋਰਡ ਦੀਆਂ ਜਮਾਤਾਂ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਵਿੱਚ ਸ਼ਾਨਦਾਰ ਨਤੀਜੇ ਲਿਆਉਣ ਵਾਲੇ ਵਿਦਿਆਰਥੀਆਂ ਦੀ ਖਾਸ ਤੌਰ 'ਤੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਡਿਪਟੀ ਬੀ.ਐਨ.ਓ., ਬੀ.ਪੀ.ਈ.ਓ. ਸੁਰਜੀਤ ਸਿੰਘ, ਹਿੰਮਤ ਸਿੰਘ, ਮੋਨਿਕਾ ਰਾਣੀ, ਕੁਲਵਿੰਦਰ ਸਿੰਘ, ਸੈਂਟਰ ਹੈੱਡ ਟੀਚਰ, ਬੀ.ਆਰ.ਸੀ., ਸਰਪੰਚ, ਪੰਚ, ਮਿਊਂਸੀਪਲ ਕੌਂਸਲਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਅਧਿਆਪਕ, ਸਮਾਜ ਸੇਵੀ ਅਤੇ ਇਲਾਕੇ ਦੇ ਹੋਰ ਵਧੀਕ ਪਤਵੰਤੇ ਸੱਜਣ ਵੀ ਹਾਜ਼ਰ ਰਹੇ। ਸਮਾਰੋਹ ਦਾ ਸਮਾਪਨ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇੱਕ ਨਵੇਂ ਯੁਗ ਦੀ ਸ਼ੁਰੂਆਤ ਵਜੋਂ ਕੀਤਾ ਗਿਆ।