post

Jasbeer Singh

(Chief Editor)

Punjab

ਪਾਣੀ ਅਤੇ ਲੇਬਰ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਇੱਕ ਲਾਹੇਵੰਦ ਤਕਨੀਕ : ਡਾ. ਅਸ਼ੋਕ ਕੁਮਾਰ

post-img

ਪਾਣੀ ਅਤੇ ਲੇਬਰ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਇੱਕ ਲਾਹੇਵੰਦ ਤਕਨੀਕ : ਡਾ. ਅਸ਼ੋਕ ਕੁਮਾਰ ਸੰਗਰੂਰ, 17 ਜੂਨ : ਦਿਨੋ-ਦਿਨ ਘਟ ਰਹੇ ਕੁਦਰਤੀ ਸਰੋਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨ੍ਹਾ ਕੱਦੂ ਕੀਤੇ ਝੋਨੇ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਇੱਕ ਲਾਹੇਵੰਦ ਤਕਨੀਕ ਹੈ ਜਿਸ ਨਾਲ 10-20% ਪਾਣੀ ਦੀ ਬੱਚਤ, ਲੇਬਰ ਦੀ ਬੱਚਤ, ਬਿਮਾਰੀ ਅਤੇ ਕੀੜ੍ਹੇ-ਮਕੌੜਿਆਂ ਦੇ ਘੱਟ ਹਮਲੇ ਦੇ ਨਾਲ-ਨਾਲ ਅਗਲੀ ਕਣਕ ਦੀ ਫਸਲ ਦਾ ਵੀ ਢਾਈ ਮਣ ਝਾੜ ਪ੍ਰਤੀ ਏਕੜ ਵੀ ਜਿਆਦਾ ਲਿਆ ਜਾ ਸਕਦਾ ਹੈ। ਇਹਨਾਂ ਫਾਇਦਿਆਂ ਨੂੰ ਦੂਜੇ ਕਿਸਾਨਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਸੰਗਤਪੁਰਾ ਨੇੜੇ ਲਹਿਰਾਗਾਗਾ, ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਗਰੂਕਤਾ ਕੈਂਪ ਲਗਾਇਆ। ਇਸ ਕੈਂਪ ਵਿੱਚ 60 ਤੋਂ ਵੀ ਵੱਧ ਕਿਸਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਦੀ ਸ਼ੁਰੂਆਤ ਵਿੱਚ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ ਅਤੇ ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡਾਂ ਦੇ ਅਗਾਂਹਵਧੂ ਕਿਸਾਨ ਸ. ਸੁਖਤਾਰ ਸਿੰਘ, ਹਰਪਾਲ ਸਿੰਘ (ਸਰਪੰਚ), ਸੁੱਖਚੰਦ ਸਿੰਘ (ਸਾਬਕਾ ਸਰਪੰਚ), ਗੁਰਵਿੰਦਰ ਸਿੰਘ, ਗੋਬਿੰਦਰ ਸਿੰਘ, ਪਰਮਿੰਦਰ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ ਆਦਿ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਸ. ਸੁਖਤਾਰ ਸਿੰਘ ਨੇ ਸਿੱਧੀ ਬਿਜਾਈ ਤਕਨੀਕ ਨਾਲ 16 ਕਿੱਲਿਆਂ ਤੇ ਬੀਜੀ ਪੰਜਾਬ ਬਾਸਮਤੀ 7 ਕਿਸਮ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਇਸ ਵਿਧੀ ਨੂੰ ਅਪਣਾਉਣ ਨਾਲ ਪਾਣੀ ਦੀ ਬੱਚਤ, ਲੇਬਰ ਦੀ ਬੱਚਤ ਅਤੇ ਹੋਰ ਫਾਇਦਿਆਂ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਆਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ, ਸਿੱਧੇ ਝੋਨੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਉਨ੍ਹਾਂ ਦੀ ਪੂਰਤੀ, ਨਦੀਨਾਂ ਦੀ ਸਮੱਸਿਆ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਛੋਟੇ ਤੱਤ ਖਾਸ ਤੌਰ ਤੇ ਜ਼ਿੰਕ ਦੀ ਪੂਰੀ ਸਿਫਾਰਿਸ਼ ਮਾਤਰਾ ਪਾਉਣ ਲਈ ਵੀ ਕਿਹਾ। ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਸਿਫਾਰਿਸ਼ ਕਿਸਮਾਂ, ਬਿਜਾਈ ਦੇ ਢੰਗ, ਨਦੀਨਾਂ ਦੀ ਸਹੀ ਰੋਕਥਾਮ ਅਤੇ ਸਿੰਚਾਈ ਬਾਰੇ ਵੀ ਤਰਤੀਬਬੱਧ ਤਰੀਕੇ ਨਾਲ ਦੱਸਿਆ ਗਿਆ। ਕਿਸਾਨਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵੀ ਤਸੱਲ਼ੀਬਖਸ਼ ਦਿੱਤੇ ਗਏ। ਕੈਂਪ ਦੌਰਾਨ ਖੇਤੀ ਸਾਹਿਤ, ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਬਾਈਪਾਸ ਫੈਟ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ । ਕੈਂਪ ਦੀ ਸਮਾਪਤੀ ਤੇ ਸ. ਸੁਖਤਾਰ ਸਿੰਘ ਦੇ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਨਦੀਨ ਪ੍ਰਬੰਧਨ ਲਈ ਨੌਮਨੀਗੋਲਡ ਅਤੇ ਨੌਵਲੈੱਟ ਨਦੀਨ ਨਾਸ਼ਕ ਵੀ ਪ੍ਰਦਰਸ਼ਨੀ ਦੇ ਤੌਰ ਤੇ ਦਿੱਤੇ ਗਏ ।

Related Post