
ਪਟਿਆਲਾ ਜ਼ਿਲ੍ਹੇ ’ਚ ਅਮਰੂਦ ਦੀ ਪੈਦਾਵਾਰ ਤੇ ਮੰਡੀਕਰਨ ’ਤੇ ਵਿਚਾਰ ਚਰਚਾ
- by Jasbeer Singh
- July 11, 2025

ਪਟਿਆਲਾ ਜ਼ਿਲ੍ਹੇ ’ਚ ਅਮਰੂਦ ਦੀ ਪੈਦਾਵਾਰ ਤੇ ਮੰਡੀਕਰਨ ’ਤੇ ਵਿਚਾਰ ਚਰਚਾ -ਬਾਗ਼ਬਾਨੀ ਵਿਭਾਗ ਵੱਲੋਂ ਅਮਰੂਦ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਨਿਵੇਕਲੀ ਪਹਿਲ; ਕਿਸਾਨਾਂ ਤੋਂ ਲਏ ਸੁਝਾਅ -ਅਮਰੂਦ ਕਾਸ਼ਤਕਾਰ ਕਲੱਸਟਰ ਬਣਾ ਕੇ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ : ਸੰਦੀਪ ਸਿੰਘ ਗਰੇਵਾਲ ਪਟਿਆਲਾ, 11 ਜੁਲਾਈ : ਪਟਿਆਲਾ ਜ਼ਿਲ੍ਹੇ ’ਚ ਇੱਕ ਜ਼ਿਲ੍ਹਾ ਇਕ ਉਤਪਾਦ ਸਕੀਮ ਤਹਿਤ ਵਿਕਸਤ ਕੀਤੀ ਗਈ ਅਮਰੂਦ ਅਸਟੇਟ ਵਜੀਦਪੁਰ ਵਿਖੇ ਅਮਰੂਦ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਵਿਚਾਰ ਚਰਚਾ ਕਰਨ ਲਈ ਬਾਗ਼ਬਾਨੀ ਕਲੱਸਟਰ ਲਈ ਸਾਂਝੇਦਾਰੀ ਮੁਲਾਂਕਣ ਪ੍ਰਕਿਰਿਆ (ਐਚ.ਸੀ.ਪੀ.ਏ.) ਤਹਿਤ ਕਿਸਾਨਾਂ ਤੇ ਮਾਹਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਟੀਮ ਲੀਡਰ ਰਵਦੀਪ ਕੌਰ ਤੇ ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ ਦੇ ਮੈਂਬਰ ਤੇ ਪ੍ਰੋਜੈਕਟ ਕੋਆਰਡੀਨੇਟਰ ਸੋਹਣ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ ਅਮਰੂਦ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਕਿਸਾਨਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕਰਦਿਆਂ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਗਈ ਤੇ ਮੌਕੇ ’ਤੇ ਹੀ ਮਾਹਰਾਂ ਵੱਲੋਂ ਮੁਸ਼ਕਲਾਂ ਦੇ ਹੱਲ ਲਈ ਸੁਝਾਅ ਦਿੱਤੇ ਗਏ। ਟੀਮ ਨੇ ਅਮਰੂਦ ਦੇ ਕਾਸ਼ਤਕਾਰ ਕਿਸਾਨਾਂ ਨੂੰ ਕਲੱਸਟਰ ਬਣਾਉਣ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਕਲੱਸਟਰ ਬਣਾਉਣ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਨਵੀਂਆਂ ਯੋਜਨਾਵਾਂ ਦੇਣ ਲਈ ਇੱਕੋ ਪਲੇਟਫ਼ਾਰਮ ਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ ਅਤੇ ਕਿਸਾਨ ਆਪਣਾ ਪ੍ਰੋਜੈਕਟ ਤਿਆਰ ਕਰਕੇ ਲਾਭ ਲੈ ਸਕਣ। ਇਸ ਮੀਟਿੰਗ ਵਿੱਚ ਉਪ ਡਾਇਰੈਕਟਰ ਬਾਗ਼ਬਾਨੀ ਸੰਦੀਪ ਸਿੰਘ ਗਰੇਵਾਲ, ਇੰਚਾਰਜ ਅਮਰੂਦ ਅਸਟੇਟ ਵਜੀਦਪੁਰ ਹਰਿੰਦਰਪਾਲ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ, ਨਾਭਾ ਗਗਨ ਕੁਮਾਰ, ਬਾਗ਼ਬਾਨੀ ਵਿਕਾਸ ਅਫ਼ਸਰ, ਸਮਾਣਾ ਦਿਲਪ੍ਰੀਤ ਸਿੰਘ ਦੁਲੇਅ,ਬਾਗ਼ਬਾਨੀ ਵਿਕਾਸ ਅਫ਼ਸਰ, ਰਾਜਪੁਰਾ ਪਵਨ ਕੁਮਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਰਚਨਾ ਸਿੰਗਲਾ ਹਾਜ਼ਰ ਸਨ।