post

Jasbeer Singh

(Chief Editor)

Punjab

ਆਵਾਜ਼ ਪ੍ਰਦੂਸ਼ਣ ਨੂੰ ਰੋਕਣ ’ਚ ਅਸਫਲ ਰਹਿਣ ਤੇ ਜਿ਼ਲ੍ਹਾ ਮੈਜਿਸਟਰੇਟ ਅਤੇ ਪੁਲਸ ਸੁਪਰਡੈਂਟ ਨਿੱਜੀ ਤੌਰ ’ਤੇ ਹੋਣਗੇ ਜਿ਼ੰ

post-img

ਆਵਾਜ਼ ਪ੍ਰਦੂਸ਼ਣ ਨੂੰ ਰੋਕਣ ’ਚ ਅਸਫਲ ਰਹਿਣ ਤੇ ਜਿ਼ਲ੍ਹਾ ਮੈਜਿਸਟਰੇਟ ਅਤੇ ਪੁਲਸ ਸੁਪਰਡੈਂਟ ਨਿੱਜੀ ਤੌਰ ’ਤੇ ਹੋਣਗੇ ਜਿ਼ੰਮੇਵਾਰ : ਹਾਈਕੋਰਟ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੁਹਰਾਇਆ ਹੈ ਕਿ ਜੇਕਰ ਅਧਿਕਾਰੀ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ 2019 ’ਚ ਜਾਰੀ ਹਦਾਇਤਾਂ ਦੀ ਉਚਿਤ ਪਾਲਣਾ ਨੂੰ ਯਕੀਨੀ ਬਣਾਉਣ ’ਚ ਅਸਫਲ ਰਹਿੰਦੇ ਹਨ ਤਾਂ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨਿੱਜੀ ਤੌਰ ’ਤੇ ਜਿ਼ੰਮੇਵਾਰ ਹੋਣਗੇ। ਸਾਲ 2019 ’ਚ ਅਦਾਲਤ ਨੇ ਇਹ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਲਾਊਡ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਨਿੱਜੀ ਮਾਲਕੀ ਵਾਲੇ ਸਾਊਂਡ ਸਿਸਟਮ ਦਾ ਸ਼ੋਰ ਪੱਧਰ ਖੇਤਰ ਲਈ ਨਿਰਧਾਰਤ ਹਵਾ ਗੁਣਵੱਤਾ ਦੇ ਮਿਆਰ ਤੋਂ ਵੱਧ ਨਾ ਹੋਵੇ । ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਬੈਂਚ ਨੇ ਕਿਹਾ ਕਿ ਜੇਕਰ ਪੁਲਿਸ ਉਲੰਘਣਾ ਕਰਨ ਵਾਲਿਆਂ ਵਿਰੁਧ ਐਫ. ਆਈ. ਆਰ. ਦਰਜ ਕਰ ਕੇ ਅਪਣਾ ਕਾਨੂੰਨੀ ਕੰਮ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਪੀੜਤ ਵਿਅਕਤੀ ਮੈਜਿਸਟਰੇਟ ਕੋਲ ਜਾਣ ਲਈ ਸੁਤੰਤਰ ਹੈ । ਹਾਲਾਂਕਿ, ਉਪਰੋਕਤ ਹੁਕਮ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੂੰ ਬਰੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ 2019 ’ਚ ਹਾਈ ਕੋਰਟ ਵਲੋਂ ਜਾਰੀ ਹਦਾਇਤਾਂ ਅਨੁਸਾਰ ਨਿੱਜੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ਅਦਾਲਤ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਸ ਸੁਪਰਡੈਂਟ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਅਤੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਵੀ ਨਾਗਰਿਕ ਵਲੋਂ ਰੀਪੋਰਟ ਕੀਤੀ ਗਈ ਕਿਸੇ ਵੀ ਉਲੰਘਣਾ ’ਤੇ ਕਾਨੂੰਨ ਅਨੁਸਾਰ ਉਚਿਤ ਕਦਮ ਚੁਕੇ ਜਾਣਗੇ । ਹਾਈ ਕੋਰਟ ਨੇ ਇਹ ਟਿਪਣੀਆਂ ਇਕ ਗੁਰਦੁਆਰੇ ਵਿਚ ਲਗਾਏ ਗਏ ਲਾਊਡ ਸਪੀਕਰਾਂ ਤੋਂ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀਆਂ। ਸਾਰੇ ਪੱਖਾਂ ਨੂੰ ਸੁਣਨ ਮਗਰੋਂ ਹਾਈ ਕੋਰਟ ਨੇ ਕਿਹਾ ਕਿ ਇਹ ਉਚਿਤ ਹੋਵੇਗਾ ਕਿ ਕਿਉਂਕਿ ਸ਼ੋਰ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਦਾ ਹਿੱਸਾ ਹੈ ਅਤੇ ਹਵਾ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ, 1981 ਦੇ ਦੰਡਾਵਲੀ ਪ੍ਰਬੰਧਾਂ ਤਹਿਤ ਸਜ਼ਾਯੋਗ ਹੈ, ਇਸ ਲਈ ਪਟੀਸ਼ਨਕਰਤਾ ਨੂੰ ਸਬੰਧਤ ਅਧਿਕਾਰ ਖੇਤਰ ਵਾਲੇ ਥਾਣੇ ਜਾਣ ਅਤੇ ਅਦਾਲਤ ਵਲੋਂ ਨਿਰਧਾਰਤ ਹਦਾਇਤਾਂ ਦੀ ਉਲੰਘਣਾ ਦੀ ਸੂਰਤ ’ਚ ਐਫ. ਆਈ. ਆਰ. ਦਰਜ ਕਰਨ ਦੀ ਆਜ਼ਾਦੀ ਦਿਤੀ ਜਾਂਦੀ ਹੈ ।

Related Post