post

Jasbeer Singh

(Chief Editor)

Patiala News

ਡਾ. ਆਤਮਜੀਤ ਨੇ ਕੀਤਾ ਆਪਣੇ ਨਵੇਂ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਵਿਦਵਾਨਾਂ ਦੀਆਂ ਟਿੱਪਣੀਆਂ ਦੀ ਬਦੌਲਤ ਨਾਟਕ

post-img

ਡਾ. ਆਤਮਜੀਤ ਨੇ ਕੀਤਾ ਆਪਣੇ ਨਵੇਂ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਵਿਦਵਾਨਾਂ ਦੀਆਂ ਟਿੱਪਣੀਆਂ ਦੀ ਬਦੌਲਤ ਨਾਟਕ ਦੇ ਪਾਠ ਨੇ ਗੋਸ਼ਟੀ ਦਾ ਰੂਪ ਧਾਰਿਆ ਪਟਿਆਲਾ 8 ਮਾਰਚ : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਨਾਟਕਕਾਰ ਡਾ. ਆਤਮਜੀਤ ਦੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਸਮਾਗਮ ਅਯੋਜਿਤ ਕੀਤਾ ਗਿਆ । ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਿੱਖ ਚਿੰਤਕ ਡਾ. ਬਲਕਾਰ ਸਿੰਘ ਨੇ ਕੀਤੀ ਅਤੇ ਕੈਨੇਡਾ ਵਸਦੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਪ੍ਰੇਮੀ ਬਲਦੇਵ ਸਿੰਘ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਇਸ ਮੌਕੇ ਵੱਡੀ ਗਿਣਤੀ ’ਚ ਸਾਹਿਤ ਅਤੇ ਰੰਗਮੰਚ ਨਾਲ ਜੁੜੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਨਾਟਕ ਦੇ ਪਾਠ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਕਜਾਕ, ਡਾ. ਸੁਰਜੀਤ ਸਿੰਘ ਅਤੇ ਡਾ. ਅਤੈ ਸਿੰਘ ਦੀਆਂ ਟਿੱਪਣੀਆਂ ਨੇ ਸਮਾਗਮ ਨੂੰ ਨਾਟਕ ’ਤੇ ਗੋਸ਼ਟੀ ਦਾ ਰੂਪ ਦੇ ਦਿੱਤਾ । ਸ. ਜਸਵੰਤ ਸਿੰਘ ਜ਼ਫ਼ਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਕਿਸੇ ਵੀ ਸਾਹਿਤਕ ਕ੍ਰਿਤ ਦੀ ਨਿਰਖ-ਪਰਖ, ਸੋਧ ਅਤੇ ਮਿਆਰ ’ਚ ਵਾਧਾ ਕਰਨ ਲਈ ਅਜਿਹੇ ਸਮਾਗਮ ਅਤਿ ਜ਼ਰੂਰੀ ਹਨ। ਇਸੇ ਕਰਕੇ ਭਾਸ਼ਾ ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਾਹਿਤਕ ਰਚਨਾਵਾਂ ਨੂੰ ਵੱਧ ਤੋਂ ਵੱਧ ਮਿਆਰੀ ਬਣਾਉਣ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਰਚਾਏ ਜਾਣ । ਡਾ. ਆਤਮਜੀਤ ਨੇ ਆਪਣੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦੇ ਪਾਠ ਦੌਰਾਨ ਵੱਖ-ਵੱਖ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਅਤੇ ਤਕਰੀਬਨ ਡੇਢ ਘੰਟੇ ਤੋਂ ਵੱਧ ਸਮੇਂ ਦੇ ਨਾਟਕ ਰਾਹੀਂ ਸਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨਾਟਕ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਫ਼ਲਸਫੇ, ਸਿਧਾਂਤ ਅਤੇ ਸਮਾਜਿਕ ਸਰੋਕਾਰਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਡਾ. ਬਲਕਾਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ’ਚ ਕਿਹਾ ਕਿ ਅਜਿਹੇ ਨਾਟਕ ਦਿਮਾਗ ਅਤੇ ਰੂਹ ਦੇ ਸੁਮੇਲ ਨਾਲ ਸਿਰਜੇ ਜਾਂਦੇ ਹਨ । ਇਹ ਨਾਟਕ ਬਾਣੀ ਦੇ ਸਿਧਾਂਤ ਤੇ ਫ਼ਲਸਫੇ ਨੂੰ ਸਮਝਾਉਣ ਦਾ ਵੱਡਾ ਉਪਰਾਲਾ ਹੈ। ਇਹ ਨਾਟਕ ਸਾਨੂੰ ਹਰ ਪੱਖੋਂ ਚੇਤਨ ਹੋਣ ਲਈ ਅੰਤਰਝਾਤ ਮਾਰਨ ਲਈ ਰਾਹ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਡਾ. ਆਤਮਜੀਤ ਨੇ ਜਿੱਥੇ ਸਾਡੇ ਸੱਭਿਆਚਾਰਕ ਮੁਹਾਵਰੇ ਨੂੰ ਸਮਝਿਆ ਹੈ ਉੱਥੇ ਇਸ ਨਾਟਕ ਰਾਹੀਂ ਨਵਾਂ ਮੁਹਾਵਰਾ ਸਿਰਜਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੁੱਖ ਮਹਿਮਾਨ ਸ. ਬਲਦੇਵ ਸਿੰਘ ਬਾਠ ਕੈਨੇਡਾ ਨੇ ਕਿਹਾ ਕਿ ਉਹ ਭਾਵੇਂ ਵਿਦੇਸ਼ ’ਚ ਵਸਦੇ ਹਨ ਪਰ ਹਮੇਸ਼ਾ ਹੀ ਨਾਨਕ ਜੀ ਉਨ੍ਹਾਂ ਦੇ ਅੰਗ-ਸੰਗ ਰਹਿੰਦੇ ਹਨ ਭਾਵ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਸੰਦੇਸ਼ਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਾਂ । ਉਨ੍ਹਾਂ ਪੰਜਾਬ ਦੀਆਂ ਅਜੋਕੀਆਂ ਰਾਜਨੀਤਿਕ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਨਾਟਕ ਨਾਲ ਜੋੜਕੇ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਟਕ ਦੇ ਮੰਚਨ ਲਈ ਉਹ ਕੈਨੇਡਾ ’ਚ ਪੇਸ਼ਕਾਰੀਆਂ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ । ਇਸ ਮੌਕੇ ਵਿਸ਼ੇਸ਼ ਟਿੱਪਣੀਕਾਰ ਵਜੋਂ ਪ੍ਰੋ. ਕਿਰਪਾਲ ਕਜਾਕ ਨੇ ਕਿਹਾ ਕਿ ਡਾ. ਆਤਮਜੀਤ ਨੇ ਸਦੀਆਂ ਪੁਰਾਣੀਆਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਕਟਾਕਸ਼ ਭਰੇ ਲਹਿਜੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਸੰਵਾਦਾਂ ਰਾਹੀਂ ਗੁਰਬਾਣੀ ਦੇ ਸੰਦੇਸ਼ਾਂ ਨੂੰ ਇੱਕ ਸੂਤਰ ’ਚ ਪਰੋਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ । ਅਜਿਹੇ ਗੰਭੀਰ ਵਿਸ਼ਿਆਂ ’ਤੇ ਨਾਟਕ ਲਿਖਣਾ ਬਹੁਤ ਹੀ ਦਲੇਰੀ ਵਾਲਾ ਕਾਰਜ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਨਾਟਕ ਨੂੰ ਜ਼ਜਬ ਕਰਨ ਲਈ ਸਮਾਂ ਲੱਗਦਾ ਹੈ। ਇਹ ਨਾਟਕ ਬਾਣੀ ਦੀ ਸਿਰਜਣਾ ਪਿੱਛੇ ਛੁਪੇ ਇਤਿਹਾਸ ਤੇ ਹਾਲਾਤਾਂ ਨੂੰ ਬਿਆਨ ਕਰਦਾ ਹੈ। ਨਾਲ ਹੀ ਇਹ ਨਾਟਕ ਨਾਨਕ ਨਾਮ ਲੇਵਾ ਲੋਕਾਂ ਨੂੰ ਕਈ ਪੱਖਾਂ ਤੋਂ ਸੁਚੇਤ ਕਰਦਾ ਹੈ । ਡਾ. ਅਤੈ ਸਿੰਘ ਨੇ ਕਿਹਾ ਕਿ ਡਾ. ਆਤਮਜੀਤ ਨੇ ਆਪਣੇ ਪਹਿਲਾ ਨਾਟਕਾਂ ’ਚ ਮਿੱਥਾਂ, ਇਤਿਹਾਸ ਤੇ ਪ੍ਰੰਪਰਾਵਾਂ ਨੂੰ ਨਾਲ ਰੱਖਿਆ ਹੈ ਪਰ ਨਵੇਂ ਨਾਟਕ ਰਾਹੀਂ ਉਨ੍ਹਾਂ ਨੇ ਬਹੁਤ ਸਾਰੀਆਂ ਪ੍ਰੰਪਰਾਵਾਂ ਤੇ ਮਿੱਥਾਂ ਨੂੰ ਤੋੜਿਆ ਹੈ । ਅਖੀਰ ਵਿੱਚ ਡਾ. ਆਤਮਜੀਤ ਅਤੇ ਦੋਨੋਂ ਮਹਿਮਾਨਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਤੇ ਅਸ਼ਰਫ ਮਹਿਮੂਦ ਨੰਦਨ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਸ਼੍ਰੋਮਣੀ ਬਾਲ ਲੇਖਕ ਦਰਸ਼ਨ ਸਿੰਘ ਆਸ਼ਟ, ਕੈਨੇਡਾ ਤੋਂ ਸੁਰਜੀਤ ਸਿੰਘ ਬਾਠ, ਸੁਰਿੰਦਰ ਕੌਰ ਬਾਠ, ਰੇਸ਼ਮ ਕੌਰ ਬਾਠ, ਰੰਗਮੰਚ ਨਾਲ ਜੁੜੀਆਂ ਸ਼ਖਸ਼ੀਅਤਾਂ ਮੋਹਨ ਕੰਬੋਜ਼, ਹਰਜੀਤ ਕੈਂਥ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ ਅਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ ।

Related Post