
ਡਾ. ਬਲਬੀਰ ਸਿੰਘ ਨੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿਖੇ 1 ਕਰੋੜ ਰੁਪਏ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
- by Jasbeer Singh
- September 25, 2024

ਡਾ. ਬਲਬੀਰ ਸਿੰਘ ਨੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿਖੇ 1 ਕਰੋੜ ਰੁਪਏ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ -ਕੈਬਨਿਟ ਮੰਤਰੀ ਨੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਦੇ ਨਵੇਂ ਬਣੇ ਪੰਚਾਇਤ ਘਰ ਪਿੰਡ ਵਾਸੀਆਂ ਨੂੰ ਕੀਤੇ ਸਮਰਪਿਤ -ਪਿੰਡ ਲੰਗ ਵਿਖੇ ਗਿੱਲੇ ਕੂੜੇ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਖਾਦ ਬਣਾਉਣ ਵਾਲੀ ਫੁਲੀ ਆਟੋਮੈਟਿਕ ਬਾਇਓ ਕੰਪੋਸਟਰ ਪਲਾਂਟ ਦਾ ਕੀਤਾ ਉਦਘਾਟਨ -ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ : ਡਾ. ਬਲਬੀਰ ਸਿੰਘ ਪਟਿਆਲਾ, 25 ਸਤੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿਖੇ ਕਰੀਬ ਇਕ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਦੋਵੇਂ ਪਿੰਡਾਂ 'ਚ ਨਵੇਂ ਬਣੇ ਪੰਚਾਇਤ ਘਰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਪਿੰਡ ਲੰਗ ਵਿਖੇ ਸੂਬੇ ਅੰਦਰ ਗਿੱਲੇ ਕੂੜੇ ਨੂੰ ਖਾਦ 'ਚ ਬਦਲਣ ਵਾਲੀ ਪਹਿਲੀ ਅਤਿ ਆਧੁਨਿਕ ਮਸ਼ੀਨ ਵਾਲੇ ਬਾਇਓ ਕੰਪੋਸਟਰ ਪਲਾਂਟ ਦਾ ਉਦਘਾਟਨ ਵੀ ਕੀਤਾ। ਡਾ. ਬਲਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡ ਮਾਜਰੀ ਅਕਾਲੀਆਂ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਦਾ ਨਿਰਮਾਣ ਕੀਤਾ ਗਿਆ ਹੈ ਜਦਕਿ ਪਿੰਡ ਲੰਗ ਵਿਖੇ 52 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੰਚਾਇਤ ਘਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਬਿਨਾਂ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਹੀ ਸੇਵਾ ਅਧੀਨ ਗਿੱਲੇ ਤੇ ਸੁੱਕੇ ਕੂੜੇ ਵੱਖ ਵੱਖ ਕਰਨ ਲਈ ਨਿਵੇਕਲੀ ਪਹਿਲ ਤਹਿਤ 6 ਲੱਖ ਰੁਪਏ ਦੀ ਲਾਗਤ ਨਾਲ ਆਟੋਮੈਟਿਕ ਬਾਇਓ ਕੰਪੋਸਟਰ ਪਲਾਂਟ ਲਗਾਇਆ ਗਿਆ ਹੈ ਜੋ ਸੂਬੇ ਦਾ ਪਹਿਲਾਂ ਪਲਾਂਟ ਹੈ ਜੋ ਗਿੱਲੇ ਕੂੜੇ ਦੀ 24 ਘੰਟੇ ਦੇ ਅੰਦਰ-ਅੰਦਰ ਹੀ ਖਾਦ ਬਣਾ ਦਿੰਦਾ ਹੈ। ਇਸ ਤੋਂ ਇਲਾਵਾ 7 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਵੀ ਪਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਪਿੰਡ ਲੰਗ ਦੇ ਛੱਪੜ ਦੇ ਨਵੀਨੀਕਰਨ ਸਮੇਤ ਇਸ ਦੇ ਪਾਣੀ ਦੀ ਵਰਤੋਂ ਖੇਤੀ ਵਿੱਚ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦੇ ਸਾਰੇ 60 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਛੱਪੜਾਂ ਦੇ ਪਾਣੀ ਦੀ ਵਰਤੋਂ ਖੇਤੀ ਲਈ ਕੀਤੀ ਜਾਵੇਗੀ, ਇਸ ਨਾਲ ਜਿਥੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ, ਉਥੇ ਹੀ ਛੱਪੜਾਂ ਦਾ ਪਾਣੀ ਵੀ ਸਾਫ਼ ਰਹੇਗਾ । ਡਾ. ਬਲਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਪੰਚਾਇਤ ਸਰਬਸੰਮਤੀ ਨਾਲ ਚੁਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਨਣ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਚੁਨਣਗੇ, ਉਨ੍ਹਾਂ ਨੂੰ ਉਹ 5 ਲੱਖ ਰੁਪਏ ਆਪਣੇ ਅਖਤਿਆਰੀ ਫ਼ੰਡ ਵਿੱਚੋਂ ਦੇਣਗੇ ਅਤੇ ਇਹ 10 ਲੱਖ ਰੁਪਇਆ ਪਿੰਡ ਦੇ ਵਿਕਾਸ ਦੇ ਕੰਮ ਆਵੇਗਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਡਾ. ਇਸਮਿਤ ਵਿਜੈ ਸਿੰਘ, ਕਰਨਲ ਜੇ.ਵੀ ਸਿੰਘ, ਜਸਬੀਰ ਸਿੰਘ ਗਾਂਧੀ, ਜਗਦੀਪ ਸਿੰਘ ਧੰਗੇੜਾ, ਹਰਜੀਤ ਸਿੰਘ ਕੈਦੁਪੁਰ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।