
ਆਸਟ੍ਰੇਲੀਆ ਤੋਂ ਪੁੱਜੇ ਸੀਨੀਅਰ ਵਾਤਾਵਰਣ ਅਧਿਕਾਰੀ ਡਾ. ਰਾਜੇਸ਼ ਜਲੋਟਾ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤਾ ਭਾਸ਼ਣ
- by Jasbeer Singh
- September 12, 2024

ਆਸਟ੍ਰੇਲੀਆ ਤੋਂ ਪੁੱਜੇ ਸੀਨੀਅਰ ਵਾਤਾਵਰਣ ਅਧਿਕਾਰੀ ਡਾ. ਰਾਜੇਸ਼ ਜਲੋਟਾ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤਾ ਭਾਸ਼ਣ ਪਟਿਆਲਾ, 12 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਅੱਜ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਸਥਿਤ ਕੁਈਨਜ਼ਲੈਂਡ ਡਿਪਾਰਟਮੈਂਟ ਆਫ਼ ਐਨਵਾਇਰਨਮੈਂਟ ਸਾਇੰਸ ਐਂਡ ਇੰਨੋਵੇਸ਼ਨ ਤੋਂ ਪਹੁੰਚੇ ਸੀਨੀਅਰ ਵਾਤਾਵਰਣ ਅਧਿਕਾਰੀ ਡਾ. ਰਾਜੇਸ਼ ਜਲੋਟਾ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ । ਉਨ੍ਹਾਂ 'ਕਾਰਬਨ ਨਿਕਾਸੀ ਨੂੰ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਸਰਲ ਤਰੀਕੇ' ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟਾਏ । ਡਾ. ਰਾਜੇਸ਼ ਜਲੋਟਾ ਨੇ ਆਪਣੇ ਭਾਸ਼ਣ ਵਿੱਚ ਰੋਜ਼ਾਨਾ ਜੀਵਨ ਵਿੱਚੋਂ ਮਿਸਾਲਾਂ ਦਿੰਦਿਆਂ ਕਾਰਬਨ ਨਿਕਾਸੀ ਦੇ ਸੰਕਲਪ ਨੂੰ ਖੂਬਸੂਰਤੀ ਨਾਲ ਸਮਝਾਇਆ । ਉਨ੍ਹਾਂ ਵੱਖ-ਵੱਖ ਕਿਸਮਾਂ ਦੀ ਜੈਵਿਕ ਅਤੇ ਅਜੈਵਿਕ ਰਹਿੰਦ-ਖੂੰਹਦ ਦੇ ਉਤਪਾਦਨ ਦੇ ਕਾਰਨਾਂ ਅਤੇ ਕਾਰਬਨ ਫੁੱਟਪ੍ਰਿੰਟ ਨਾਲ਼ ਬਣਦੇ ਉਨ੍ਹਾਂ ਦੇ ਸਬੰਧਾਂ ਦੇ ਵਿਸ਼ੇ ਉੱਤੇ ਵੀ ਵਿਸਥਾਰ ਨਾਲ਼ ਚਾਨਣਾ ਪਾਇਆ । ਉਨ੍ਹਾਂ ਜੈਵਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ । ਉਨ੍ਹਾਂ ਆਪਣੀ ਸਮੁੱਚੀ ਗੱਲਬਾਤ ਦੌਰਾਨ ਕੇਸ-ਸਟੱਡੀਜ਼ ਦੇ ਹਵਾਲਿਆਂ ਨਾਲ਼ ਹੋਰ ਵੀ ਕੁਝ ਅਹਿਮ ਖੇਤਰਾਂ ਨੂੰ ਛੋਹਿਆ। ਅੰਤ ਵਿੱਚ ਵਿਭਾਗ ਮੁਖੀ ਡਾ. ਮੁਨੀਸ਼ ਕਪੂਰ ਅਤੇ ਸਮੂਹ ਫੈਕਲਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਨਸਪਤੀ ਵਿਗਿਆਨ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ਼ ਸਵਾਲ-ਜਵਾਬ ਦੇ ਰੂਪ ਵਿੱਚ ਸੰਵਾਦ ਰਚਾਇਆ ।