
ਡੀ. ਟੀ. ਐਫ਼. ਕੀਤੀ ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਨਾਲ਼ ਮੀਟਿੰਗ
- by Jasbeer Singh
- January 16, 2025

ਡੀ. ਟੀ. ਐਫ਼. ਕੀਤੀ ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਨਾਲ਼ ਮੀਟਿੰਗ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਸੰਬੰਧੀ ਕੀਤੀ ਗਈ ਗੱਲਬਾਤ ਪਟਿਆਲਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਵਫਦ ਵਲੋਂ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ (ਐ. ਸਿੱ. ਅਤੇ ਸੈ. ਸਿੱ.) ਨਾਲ ਮੀਟਿੰਗ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ਼ ਜੁੜੀਆਂ ਵੱਖ ਵੱਖ ਮੰਗਾਂ ਤੇ ਚਰਚਾ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜਸਪਾਲ ਸਿੰਘ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ਼ ਜੁੜੇ ਮਸਲਿਆਂ ਤੇ ਵਿਚਾਰ ਚਰਚਾ ਹੋਈ ਜਿਸ ਵਿਚ ਐਸੋਸੀਏਟ ਟੀਚਰਜ਼ ਦੀ ਦਸੰਬਰ ਮਹੀਨੇ ਦੀ ਤਨਖਾਹ ਜਿਲ੍ਹੇ ਦੇ ਸੱਤ ਬਲਾਕਾਂ ਵਿੱਚ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਦੀ ਮਾਨਸਿਕ ਪ੍ਰੇਸ਼ਾਨੀ ਅਤੇ ਆਰਥਿਕ ਤੰਗੀ ਨੂੰ ਸਮਝਦੇ ਹੋਏ ਤਨਖਾਹ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ । ਆਗੂਆਂ ਨੇ ਦੱਸਿਆ ਕਿ ਪਿਛਲੇ ਵਿਦਿਅਕ ਸੈਸ਼ਨ ਦੌਰਾਨ ਸੈਲਫ ਹੈਲਪ ਗਰੁੱਪਾਂ ਵੱਲੋਂ ਪਟਿਆਲਾ ਜਿਲੇ ਦੇ ਜਿਨਾਂ ਸਕੂਲਾਂ ਵਿੱਚ ਵਰਦੀਆਂ ਮੁਹਈਆ ਕਰਵਾਈਆਂ ਗਈਆਂ ਸਨ ਉਹਨਾਂ ਵਰਦੀਆਂ ਦੀ ਕੁਆਲਿਟੀ ਦਾ ਪੱਧਰ ਕਾਫੀ ਨੀਵਾਂ ਸੀ।ਜਿਸ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਕਈ ਵਿਦਿਆਰਥੀਆਂ ਨੂੰ ਵਰਦੀਆਂ ਮੇਚ ਨਹੀਂ ਆਈਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਇਹਨਾਂ ਨੂੰ ਬਦਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ । ਹੁਣ ਨਵੇਂ ਸੈਸ਼ਨ 2025-26 ਲਈ ਵੀ ਵਿਦਿਆਰਥੀਆਂ ਦੀਆਂ ਵਰਦੀਆਂ ਸੈਲਫ ਹੈਲਪ ਗਰੁੱਪਾਂ ਤੋਂ ਲੈਣ ਲਈ ਅਧਿਆਪਕਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਜੋ ਕਿ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ । ਇਸ ਸਬੰਧੀ ਜਥੇਬੰਦੀ ਦੁਆਰਾ ਮਾਮਲਾ ਜਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਮੰਗ ਕੀਤੀ ਕਿ ਸੈਲਫ ਹੈਲਪ ਗਰੁੱਪਾਂ ਤੋਂ ਵਰਦੀਆਂ ਲੈਣ ਦੀ ਸ਼ਰਤ ਨਾ ਲਗਾਈ ਜਾਵੇ ਅਤੇ ਐੱਸ. ਐੱਮ. ਸੀ. ਰਾਹੀਂ ਵਰਦੀਆਂ ਦੀ ਖੁੱਲੀ ਖਰੀਦ ਦਾ ਤਰੀਕਾ ਹੀ ਬਰਕਰਾਰ ਰਹਿਣਾ ਚਾਹੀਦਾ ਹੈ। ਡੀਈਓ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ । ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਾਕ ਪ੍ਰਧਾਨ ਹਰਵਿੰਦਰ ਬੇਲੂਮਾਜਰਾ, ਕ੍ਰਿਸ਼ਨ ਚੌਹਾਨਕੇ , ਡੀ.ਐਮ.ਐਫ਼. ਦੇ ਜਿਲ੍ਹਾ ਪ੍ਰਧਾਨ ਗੁਰਜੀਤ ਘੱਗਾ, ਡੀ. ਟੀ. ਐਫ਼. ਦੇ ਜਿਲ੍ਹਾ ਆਗੂ ਗੁਰਵਿੰਦਰ ਖੱਟੜਾ, ਸਤਪਾਲ ਸਮਾਣਵੀ, ਬਲਜਿੰਦਰ ਘੱਗਾ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੱਧੂ, ਰਮਣੀਕ ਸਿੰਘ, ਮਨਿੰਦਰ ਸਿੰਘ ਅਤੇ ਗੁਰਜੰਟ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.