
ਪਿੰਡ ਬਘੌਰਾ ਨੇੜੇ ਨਵੇਂ ਬਣ ਰਹੇ ਪੁਲ ਦੇ ਕੰਮ 'ਚ ਦੇਰੀ ਹੋਣ ਕਾਰਨ ਪਿੰਡ ਵਾਸੀਆਂ ਨੇ ਜਿਤਾਇਆ ਰੋਸ਼, ਕੀਤੀ ਨਾਅਰੇਬਾਜ਼ੀ
- by Jasbeer Singh
- August 27, 2024

ਪਿੰਡ ਬਘੌਰਾ ਨੇੜੇ ਨਵੇਂ ਬਣ ਰਹੇ ਪੁਲ ਦੇ ਕੰਮ 'ਚ ਦੇਰੀ ਹੋਣ ਕਾਰਨ ਪਿੰਡ ਵਾਸੀਆਂ ਨੇ ਜਿਤਾਇਆ ਰੋਸ਼, ਕੀਤੀ ਨਾਅਰੇਬਾਜ਼ੀ ਘਨੌਰ, 27 ਅਗਸਤ () ਅੱਜ ਘਨੌਰ ਨੇੜਲੇ ਪਿੰਡ ਬਘੌਰਾ, ਮਾਜਰੀ ਫਕੀਰਾਂ ਆਦਿ ਪਿੰਡਾਂ ਦੇ ਦਰਜਨਾਂ ਵਸਨੀਕਾਂ ਨੇ ਨਵੇਂ ਬਣ ਰਹੇ ਪੁਲ ਦੇ ਕੰਮ 'ਚ ਕੀਤੀ ਜਾ ਰਹੀ ਦੇਰੀ ਨੂੰ ਲੈਕੇ ਰੋਸ਼ ਜ਼ਾਹਿਰ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਅਤੇ ਨੌਜਵਾਨ ਆਗੂ ਜਤਿੰਦਰ ਸਿੰਘ ਬਘੌਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੋਂ ਨੇੜਿਓਂ ਲੰਘ ਰਹੀ ਨਰਵਾਣਾ ਬ੍ਰਾਂਚ ਨਹਿਰ ਦੇ ਉੱਤੇ ਦਰਜਨਾਂ ਪਿੰਡਾਂ ਨੂੰ ਜੋੜਨ ਲਈ ਨਵੇਂ ਬਣ ਰਹੇ ਪੁਲ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ। ਜੋ ਧਿੰਮੀ ਗਤੀ ਨਾਲ ਚੱਲ ਰਿਹਾ ਹੈ। ਜਿਸ ਨੂੰ ਲੈਕੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਕੰਮ ਨੂੰ ਚਲਦਿਆਂ ਲਗਭਗ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇਸ ਨਾਲ ਸ਼ੁਰੂ ਹੋਏ ਹੋਰ ਪੁਲਾਂ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਤੇ ਕੰਮ ਚੱਲਣ ਕਾਰਨ ਪਿੰਡ ਮਾਜਰੀ ਫ਼ਕੀਰਾਂ, ਸ਼ਾਹਪੁਰ, ਸੋਨੇਮਾਜਰਾ, ਸੋਗਲਪੁਰ, ਕਾਮੀ ਕਲਾਂ, ਲਾਛੜੂ ਕਲਾਂ, ਪਿੱਪਲ ਮੰਗੌਲੀ, ਸੰਧਾਰਸੀ, ਹਰਪਾਲਪੁਰ ਆਦਿ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਲਈ ਆਵਾਜਾਈ ਠੱਪ ਪਈ ਹੈ। ਜਿਸ ਕਰਕੇ ਰਾਹਗੀਰਾਂ ਨੂੰ ਲੰਮਾ ਸਫਰ ਤੈਅ ਕਰਕੇ ਆਉਣ ਜਾਣ ਲਈ ਬਦਲਵੇਂ ਰਾਹਾਂ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਜਤਿੰਦਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਇਸ ਪੁਲ ਤੋਂ ਪਾਰ ਹੈ। ਜਿਨ੍ਹਾਂ ਨੂੰ ਹਰ ਰੋਜ਼ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਲਈ ਲਗਭਗ 9 ਕਿਲੋਮੀਟਰ ਦਾ ਸਫਰ ਤੈਅ ਕਰਕੇ ਜਾਣਾ ਪੈਂਦਾ ਹੈ। ਜਿਸ ਕਰਕੇ ਉਨ੍ਹਾਂ ਦਾ ਸਮਾਂ ਅਤੇ ਖਰਚਾ ਵੱਧ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਜਲਦ ਚਾਲੂ ਕਰਵਾਇਆ ਜਾਵੇ। ਤਾ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਪੁਲ ਦੇ ਰਾਸਤੇ ਨੂੰ ਜਲਦ ਨਾ ਚਲਾਇਆ ਗਿਆ ਤਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਭਾਰੀ ਇਕੱਠ ਕਰਕੇ ਮੇਨ ਰੋਡ ਜਾਮ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਵਿਭਾਗ ਦੇ ਐਕਸੀਅਨ ਮਨਪ੍ਰੀਤ ਸਿੰਘ ਦੂਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਰੀਕੇਸਨ ਤੋਂ ਐਨ ਓ ਸੀ ਲੇਟ ਆਉਣ ਕਰਕੇ ਥੋੜੀ ਦਿੱਕਤ ਆਈ ਹੈ। ਜਦੋਂ ਕਿ ਪੁਲ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪੁਲ ਦਾ ਸਾਰਾ ਕੰਮ ਤਿਆਰ ਹੈ ਸਿਰਫ ਉੱਤੇ ਸਲੈਬ ਪਾਉਣੀ ਹੀ ਬਾਕੀ ਰਹਿ ਗਈ ਹੈ। ਕੰਮ ਉਸਾਰੀ ਅਧੀਨ ਹੈ।ਉਨ੍ਹਾਂ ਕਿਹਾ ਕਿ ਜਲਦ ਹੀ ਇਸ ਰਾਹ ਨੂੰ ਚਲਾ ਦਿੱਤਾ ਜਾਵੇਗਾ ਅਤੇ 30- 9- 2024 ਤੱਕ ਇਥੋਂ ਟ੍ਰੈਫਿਕ ਚਲਦੀ ਕਰ ਦਿੱਤੀ ਜਾਵੇਗੀ।