
ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਦੌਰਾਨ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਦੇਣ 'ਤੇ ਹੋਈ ਚਰਚਾ
- by Jasbeer Singh
- May 26, 2025

ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਦੌਰਾਨ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਦੇਣ 'ਤੇ ਹੋਈ ਚਰਚਾ -ਏ. ਡੀ. ਸੀ. ਵੱਲੋਂ ਖੇਡ ਵਿਭਾਗ ਦੇ ਸਵਿਮਿੰਗ ਪੂਲ ਦੀਆਂ ਦਿੱਕਤਾਂ ਦੇ ਸਥਾਈ ਹੱਲ ਲਈ ਤਜਵੀਜ਼ ਤਿਆਰ ਕਰਨ ਦੀ ਹਦਾਇਤ -ਪੋਲੋ ਗਰਾਊਂਡ ਦੇ ਸਾਂਭ ਸੰਭਾਲ ਵੱਲ ਦਿੱਤਾ ਜਾਵੇ ਵਿਸ਼ੇਸ਼ ਧਿਆਨ : ਇਸ਼ਾ ਸਿੰਗਲ ਪਟਿਆਲਾ, 26 ਮਈ : ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ । ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ. ਡੀ. ਐਮਜ਼. ਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਸਮੇਤ ਵੱਖ ਵੱਖ ਖੇਡਾਂ ਦੇ ਕੋਚ ਹਾਜ਼ਰ ਸਨ । ਏ. ਡੀ. ਸੀ. ਇਸ਼ਾ ਸਿੰਗਲ ਨੇ ਨਗਰ ਨਿਗਮ ਸਾਹਮਣੇ ਬਣੇ ਖੇਡ ਵਿਭਾਗ ਦੇ ਸਵਿਮਿੰਗ ਪੂਲ ਸਬੰਧੀ ਸਵੀਮਿੰਗ ਕੋਚ ਰਾਜਪਾਲ ਸਿੰਘ ਪਾਸੋਂ ਜਾਣਕਾਰੀ ਪ੍ਰਾਪਤ ਕਰਦਿਆਂ ਕਿਹਾ ਕਿ ਇਸ ਪੂਲ ਦੀਆਂ ਦਿੱਕਤਾਂ ਦੇ ਸਥਾਈ ਹੱਲ ਲਈ ਪੂਰੀ ਤਜਵੀਜ਼ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਮੈਨ ਪਾਵਰ ਸਮੇਤ ਹੋਰ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਹਰੇਕ ਸੋਮਵਾਰ ਕੀਤੀ ਜਾਇਆ ਕਰੇਗੀ ਤੇ ਖੇਡਾਂ ਨਾਲ ਸਬੰਧਤ ਹਰੇਕ ਮੁਸ਼ਕਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ । ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਪੋਲੋ ਗਰਾਊਂਡ ਤੇ ਜ਼ਿੰਮਨੇਜ਼ੀਅਮ ਹਾਲ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਅੱਗੇ ਬਰਸਾਤਾਂ ਦੇ ਮੌਸਮ ਵਿੱਚ ਸਮੇਂ ਸਿਰ ਘਾਹ ਦੀ ਕਟਾਈ ਅਤੇ ਪਾਣੀ ਦੀ ਸਹੀ ਨਿਕਾਸੀ ਦੇ ਸਹੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ । ਮੀਟਿੰਗ ਦੌਰਾਨ ਏ. ਡੀ. ਸੀ. ਨੇ ਜ਼ਿਲ੍ਹੇ ਦੇ ਸਮੂਹ ਐਸ. ਡੀ. ਐਮਜ. ਨੂੰ ਆਪਣੀ ਸਬ ਡਵੀਜ਼ਨ ਅੰਦਰ ਖੇਡ ਮੈਦਾਨ ਵਿਕਸਤ ਕਰਨ ਲਈ ਢੁਕਵੀਂ ਜਗਾਂ ਲਭਕੇ ਉਸਦੀ ਤਜਵੀਜ਼ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਵਿੱਚ ਜਿਸ ਖੇਡ ਨੂੰ ਵੱਧ ਖੇਡਿਆਂ ਜਾਂਦਾ ਹੈ, ਉਥੇ ਉਸ ਖੇਡ ਦਾ ਮੈਦਾਨ ਵਿਕਸਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਇਸ ਦਾ ਲਾਭ ਉਠਾ ਸਕਣ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜਿਮਨਾਸਟਿਕ ਕੋਚ ਬਲਜੀਤ ਸਿੰਘ, ਸਵਿਮਿੰਗ ਕੋਚ ਰਾਜਪਾਲ ਸਿੰਘ ਤੇ ਟੇਬਲ ਟੈਨਿਸ ਕੋਚ ਹਰਮਨਪ੍ਰੀਤ ਸਿੰਘ ਮੌਜੂਦ ਸਨ ।