
ਈ. ਡੀ. ਨੇ ਲਾਲੂ ਯਾਦਵ ਦੇ ਕਰੀਬੀ ਸਾਬਕਾ ਵਿਧਾਇਕ ਅਰੁਣ ਯਾਦਵ `ਤੇ ਕਾਰਵਾਈ ਕਰਕੇ 25 ਕਰੋੜ ਦੀ ਜਾਇਦਾਦ ਕੀਤੀ ਜਬਤ
- by Jasbeer Singh
- November 29, 2024

ਈ. ਡੀ. ਨੇ ਲਾਲੂ ਯਾਦਵ ਦੇ ਕਰੀਬੀ ਸਾਬਕਾ ਵਿਧਾਇਕ ਅਰੁਣ ਯਾਦਵ `ਤੇ ਕਾਰਵਾਈ ਕਰਕੇ 25 ਕਰੋੜ ਦੀ ਜਾਇਦਾਦ ਕੀਤੀ ਜਬਤ ਬਿਹਾਰ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਅਤੇ ਸਾਬਕਾ ਵਿਧਾਇਕ ਅਰੁਣ ਯਾਦਵ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਰੁਣ ਯਾਦਵ ਦੀ ਕਰੀਬ 25 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਇਸ ਤੋਂ ਪਹਿਲਾਂ ਈ. ਡੀ. ਨੇ ਫਰਵਰੀ ’ਚ ਇਸ ਮਾਮਲੇ ਵਿੱਚ ਅਰੁਣ ਯਾਦਵ ਦੇ ਘਰ ਛਾਪਾ ਮਾਰਿਆ ਸੀ। ਈਡੀ ਦਾ ਸਰਚ ਆਪਰੇਸ਼ਨ ਫਰਵਰੀ ’ਚ ਹੋਇਆ ਸੀ । ਪਟਨਾ ਦੇ ਦਾਨਾਪੁਰ ਇਲਾਕੇ `ਚ ਰਾਬੜੀ ਦੇਵੀ ਦੇ ਨਾਂ `ਤੇ ਚਾਰ ਫਲੈਟ ਅਰੁਣ ਯਾਦਵ ਦੀ ਵਿਧਾਇਕ ਪਤਨੀ ਕਿਰਨ ਦੇਵੀ ਦੇ ਨਾਂ `ਤੇ ਟਰਾਂਸਫ਼ਰ ਕਰ ਦਿੱਤੇ ਗਏ ਹਨ । ਈ. ਡੀ. ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਫਰਵਰੀ 2024 ’ਚ ਸਾਬਕਾ ਆਰ. ਜੇ. ਡੀ. ਵਿਧਾਇਕ ਅਰੁਣ ਯਾਦਵ, ਉਸਦੀ ਪਤਨੀ ਕਿਰਨ ਦੇਵੀ ਅਤੇ ਕੁਝ ਹੋਰਾਂ ਦੇ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਸੀ । ਸਾਲ 2024 ’ਚ, ਈ. ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) ਦੇ ਤਹਿਤ ਆਰਜੇਡੀ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਦੇ ਖਿਲਾਫ਼ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ । ਇਸ ਜਾਂਚ ਦੇ ਤਹਿਤ ਈ. ਡੀ. ਨੇ ਪਹਿਲਾਂ ਅਰੁਣ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਬਿਆਨ ਦਰਜ ਕੀਤੇ ਸਨ । ਨਾਲ ਹੀ ਈ. ਡੀ. ਨੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਿਰਨ ਦੁਰਗਾ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ ਦੀ ਜਾਇਦਾਦ, ਦਸਤਾਵੇਜ਼ ਅਤੇ ਬੈਂਕ ਖਾਤਿਆਂ ਦੇ ਵੇਰਵੇ ਲਏ ਸਨ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਦੀਆਂ ਵੱਖ-ਵੱਖ ਟੀਮਾਂ ਨੇ ਪਿਛਲੇ ਸਾਲ ਮਈ ਅਤੇ ਇਸ ਸਾਲ ਜਨਵਰੀ ’ਚ ਭੋਜਪੁਰ ਦੇ ਅਗਿਆਨਵ ਪਿੰਡ ਵਿੱਚ ਉਸਦੇ ਘਰ ਅਤੇ ਦਾਨਾਪੁਰ ਵਿੱਚ ਉਸਦੇ ਫਲੈਟ ਦੀ ਤਲਾਸ਼ੀ ਲਈ ਸੀ । ਈ. ਡੀ. ਦਾ ਦੋਸ਼ ਹੈ ਕਿ ਸਾਬਕਾ ਵਿਧਾਇਕ ਨੇ ਆਪਣੀ ਫਰਜ਼ੀ ਕੰਪਨੀ ਕਿਰਨ ਦੁਰਗਾ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ ਰਾਹੀਂ ਮਾਂ ਮਰਾਚੀਆ ਦੇਵੀ ਕੰਪਲੈਕਸ ਵਿੱਚ ਫਲੈਟ ਖਰੀਦੇ ਸਨ । ਅਰੁਣ ਯਾਦਵ ਵੀ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਜ਼ਮੀਨੀ ਘੁਟਾਲੇ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿੱਚ ਹਨ ।