ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ `ਚ ਮੁੜ ਕਸਿਆ ਸਿ਼ਕੰਜਾ ਨਵੀਂ ਦਿੱਲੀ, 6 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨਾਲ ਸਬੰਧਤ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ ਦੀ ਆਪਣੀ ਜਾਂਚ ਦੇ ਹਿੱਸੇ ਵਜੋਂ 1,120 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ । 18 ਜਾਇਦਾਦਾਂ ਨੂੰ ਕੀਤਾ ਗਿਆ ਆਰਜੀ ਤੌਰ ਤੇ ਜਬਤ ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ ਬੈਲਾਰਡ ਐਸਟੇਟ, ਮੁੰਬਈ ਸਥਿਤ ਰਿਲਾਇੰਸ ਸੈਂਟਰ, ਫਿਕਸਡ ਡਿਪਾਜ਼ਿਟ ਤੇ ਗੁਪਤ ਨਿਵੇਸ਼ਾਂ ਨਾਲ ਜੁੜੇ ਸ਼ੇਅਰਾਂ ਸਮੇਤ 18 ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐੱਲ. ਏ.) ਅਧੀਨ ਆਰਜ਼ੀ ਤੌਰ `ਤੇ ਜ਼ਬਤ ਕੀਤਾ ਗਿਆ ਹੈ। ਵੱਖ-ਵੱਖ ਗਰੁੱਪਾਂ ਦੀਆਂ ਕਿੰਨੀਆਂ ਜਾਇਦਾਦਾਂ ਨੂੰ ਕੀਤਾ ਗਿਆ ਹੈ ਜਬਤ ਉਨ੍ਹਾਂ ਕਿਹਾ ਕਿ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਦੀਆਂ 7 ਹੋਰ ਜਾਇਦਾਦਾਂ, ਰਿਲਾਇੰਸ ਪਾਵਰ ਲਿਮਟਿਡ ਦੀਆਂ 2 ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀਆਂ 9 ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਰਿਲਾਇੰਸ ਵੈਲਿਊ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਫੀਸ ਮੈਨੇਜਮੈਂਟ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਆਧਾਰ ਪ੍ਰਾਪਰਟੀ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਤੇ ਗੇਮਸਾ ਇਨਵੈਸਟਮੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਨਾਂ `ਤੇ ਫਿਕਸਡ ਡਿਪਾਜ਼ਿਟ ਦੇ ਨਾਲ-ਨਾਲ ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਤੇ ਫੀਸ ਮੈਨੇਜਮੈਂਟ ਸਾਲਿਉਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੇ ਗਏ ਗੁਪਤ ਨਿਵੇਸ਼ਾਂ ਨੂੰ ਜ਼ਬਤ ਕੀਤਾ ਗਿਆ ਹੈ। ਹੁਣ ਤੱਕ 10,117 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਰਿਲਾਇੰਸ ਗਰੁੱਪ ਦੀਆਂ 10,117 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਈ. ਡੀ. ਪਹਿਲਾਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰ. ਕਾਮ), ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ ਤੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ ਨਾਲ ਜੁੜੇ ਬੈਂਕ ਧੋਖਾਦੇਹੀ ਦੇ ਮਾਮਲਿਆਂ `ਚ ਜਾਇਦਾਦਾਂ ਜ਼ਬਤ ਕਰ ਚੁੱਕੀ ਹੈ।
