ਦਵਾਈਆਂ ਅਤੇ ਇਲਾਜ ਦੇ ਇਤਰਾਜ਼ਯੋਗ ਇਸ਼ਤਿਹਾਰਾਂ ਦੀ ਸ਼ਿਕਾਇਤ ਲਈ ਈ-ਮੇਲ ਤੇ ਸੰਪਰਕ ਨੰਬਰ ਜਾਰੀ
- by Jasbeer Singh
- September 30, 2025
ਦਵਾਈਆਂ ਅਤੇ ਇਲਾਜ ਦੇ ਇਤਰਾਜ਼ਯੋਗ ਇਸ਼ਤਿਹਾਰਾਂ ਦੀ ਸ਼ਿਕਾਇਤ ਲਈ ਈ-ਮੇਲ ਤੇ ਸੰਪਰਕ ਨੰਬਰ ਜਾਰੀ ਪਟਿਆਲਾ, 30 ਸਤੰਬਰ 2025 : ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਾਇਰੈਕਟਰ ਆਫ਼ ਆਯੁਰਵੈਦਾਂ -ਕਮ- ਸਟੇਟ ਲਾਇਸੈਂਸਿੰਗ ਅਥਾਰਟੀ ਵੱਲੋਂ ਡਰੱਗਜ਼ ਐਂਡ ਮੈਜਿਕ ਰਿਮੈਡੀਜ਼ (ਇਤਰਾਜ਼ਯੋਗ ਇਸ਼ਤਿਹਾਰਾਂ) ਐਕਟ, 1954 ਅਤੇ ਰੂਲਜ਼, 1955 ਅਧੀਨ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ । ਇਸ ਪੱਤਰ ’ਚ ਦੱਸਿਆ ਗਿਆ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਸੂਬਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ । ਕੋਈ ਵੀ ਨਾਗਰਿਕ ਡਰੱਗਜ਼ ਐਂਡ ਮੈਜਿਕ ਰਿਮੈਡੀਜ਼ ਸਬੰਧੀ ਜਾਰੀ ਇਸ਼ਤਿਹਾਰ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ dmraypb@gmail.com ’ਤੇ ਈਮੇਲ ਭੇਜ ਸਕਦਾ ਹੈ ਜਾਂ 0172-2743708 ਨੰਬਰ ’ਤੇ ਫ਼ੋਨ ’ਤੇ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ । ਏ. ਡੀ. ਸੀ. ਸਿਮਰਪ੍ਰੀਤ ਨੇ ਹੋਰ ਦੱਸਿਆ ਕਿ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਲੋਕ ਹਿੱਤਾਂ ਦੀ ਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ । ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਅਤੇ ਦਵਾਈਆਂ ਜਾਂ ਇਲਾਜਾਂ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦਾ ਭਰਮ ਪੈਦਾ ਕਰਨ ਵਾਲੇ ਇਸ਼ਤਿਹਾਰ ਬਾਰੇ ਤੁਰੰਤ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਇਸ ’ਤੇ ਫੌਰੀ ਕਾਰਵਾਈ ਕੀਤੀ ਜਾ ਸਕੇ ।
