post

Jasbeer Singh

(Chief Editor)

National

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਰਿਆ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਘਰ ਛਾਪਾ

post-img

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਰਿਆ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਘਰ ਛਾਪਾ ਚੰਡੀਗੜ੍ਹ : ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੂਪੇਸ਼ ਬਘੇਲ ਦੇ ਭਿਲਾਈ ਸਥਿਤ ਘਰ ਛਾਪਾ ਮਾਰਿਆ ਹੈ । ਈ. ਡੀ. ਨੇ ਕਾਂਗਰਸੀ ਨੇਤਾ ਦੀ ਰਿਹਾਇਸ਼ ਸਮੇਤ ਕੁੱਲ 14 ਥਾਵਾਂ `ਤੇ ਛਾਪੇਮਾਰੀ ਕੀਤੀ ਹੈ। ਈ. ਡੀ. ਨੇ ਸੋਮਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਉਨ੍ਹਾਂ ਦੇ ਪੁੱਤਰ ਚੈਤਨਿਆ ਬਘੇਲ ਨਾਲ ਜੁੜੇ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ । ਇਹ ਛਾਪਾ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਦੇ ਸਬੰਧ ਵਿਚ ਮਾਰਿਆ ਗਿਆ ਸੀ । ਭਿਲਾਈ ਵਿਚ ਚੈਤਨਿਆ ਬਘੇਲ ਦੇ ਅਹਾਤੇ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੇ ਅਹਾਤਿਆਂ `ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਛਾਪੇਮਾਰੀ ਕੀਤੀ ਗਈ । ਕਿਹਾ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਨੇ ਸਵੇਰੇ-ਸਵੇਰੇ ਭੁਪੇਸ਼ ਬਘੇਲ ਦੇ ਘਰ ਛਾਪਾ ਮਾਰਿਆ। ਇਸ ਸਬੰਧੀ ਭੂਪੇਸ਼ ਬਘੇਲ ਦੇ ਦਫ਼ਤਰ ਨੇ ਟਵੀਟ ਕੀਤਾ, ‘ਸੱਤ ਸਾਲਾਂ ਤੋਂ ਚੱਲ ਰਿਹਾ ਝੂਠਾ ਮਾਮਲਾ ਅਦਾਲਤ ਵਿਚ ਖ਼ਾਰਜ ਹੋ ਗਿਆ ਪਰ ਅੱਜ ਈਡੀ ਦੇ ਮਹਿਮਾਨ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਭਿਲਾਈ ਨਿਵਾਸ ਵਿਚ ਦਾਖ਼ਲ ਹੋ ਗਏ ਹਨ। ਕੋਈ ਇਸ ਸਾਜ਼ਿਸ਼ ਰਾਹੀਂ ਪੰਜਾਬ ਵਿਚ ਕਾਂਗਰਸ ਨੂੰ ਰੋਕਣ ਦੀ ਕੋਸਿ਼ਸ਼ ਕਰ ਰਿਹਾ ਹੈ ਤਾਂ ਇਹ ਇਕ ਗ਼ਲਤਫ਼ਹਿਮੀ ਹੈ। ਈ. ਡੀ. ਨੇ ਦਾਅਵਾ ਕੀਤਾ ਹੈ ਕਿ ਛੱਤੀਸਗੜ੍ਹ ਸ਼ਰਾਬ ਘੁਟਾਲੇ ਨੇ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਜਦਕਿ ਸ਼ਰਾਬ ਸਿੰਡੀਕੇਟ ਨੇ ਕਥਿਤ ਤੌਰ `ਤੇ ਅਪਰਾਧ ਦੀ ਕਮਾਈ ਵਜੋਂ 2100 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਈ. ਡੀ. ਨੇ ਅਪਣੀ ਜਾਂਚ ਵਿਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਆਈ. ਏ. ਐਸ. ਅਧਿਕਾਰੀ ਅਨਿਲ ਟੁਟੇਜਾ, ਆਬਕਾਰੀ ਵਿਭਾਗ ਦੇ ਐਮਡੀ ਏਪੀ ਤ੍ਰਿਪਾਠੀ ਅਤੇ ਕਾਰੋਬਾਰੀ ਅਨਵਰ ਢੇਬਰ ਦੇ ਇਕ ਸਿੰਡੀਕੇਟ ਰਾਹੀਂ ਕੀਤਾ ਗਿਆ ਸੀ । ਭੂਪੇਸ਼ ਬਘੇਲ ਦੇ ਘਰ ਦੀ ਛਾਪੇਮਾਰੀ ਦੇ ਵਿਰੋਧ ’ਚ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ‘ਭਾਜਪਾ ਸੋਚਦੀ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਉਹ ਕਾਂਗਰਸ ਨੂੰ ਡਰਾ ਸਕਦੀ ਹੈ । ਉਨ੍ਹਾਂ ਕਿਹਾ ਕਿ ਨਾ ਕਾਂਗਰਸ ਦੇ ਲੀਡਰ ਝੁਕਣਗੇ, ਨਾ ਹੀ ਭਾਜਪਾ ਪੰਜਾਬ ਵਿਚ ਕਾਂਗਰਸ ਨੂੰ ਰੋਕ ਸਕੇਗੀ ।

Related Post