post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿਖੇ ਦੇਸੀ ਨਿੰਮ੍ਹ ਦੇ ਰੁੱਖ ਲਗਾ ਕੇ ਮਨਾਇਆ ਵਾਤਾਵਰਣ ਦਿਵਸ

post-img

ਪੰਜਾਬੀ ਯੂਨੀਵਰਸਿਟੀ ਵਿਖੇ ਦੇਸੀ ਨਿੰਮ੍ਹ ਦੇ ਰੁੱਖ ਲਗਾ ਕੇ ਮਨਾਇਆ ਵਾਤਾਵਰਣ ਦਿਵਸ -ਦੇਸੀ ਬਨਸਪਤੀ ਪ੍ਰਜਾਤੀਆਂ ਦਾ ਜਲਵਾਯੂ ਸੰਤੁਲਨ ਦੇ ਹਵਾਲੇ ਨਾਲ਼ ਵਿਸ਼ੇਸ਼ ਵਿਗਿਆਨ ਮਹੱਤਵ: ਡਾ. ਜਗਦੀਪ ਸਿੰਘ ਪਟਿਆਲਾ, 5 ਜੂਨ : ਪੰਜਾਬੀ ਯੂਨੀਵਰਸਿਟੀ ਦੇ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ' (ਸੈਂਟਰ ਫ਼ਾਰ ਰੀਸਟੋਰੇਸ਼ਨ ਆਫ਼ ਈਕੋਸਿਸਟਮ ਆਫ਼ ਪੰਜਾਬ) ਅਤੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਦੇਸੀ ਨਿੰਮ੍ਹ ਦੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਵਾਤਾਵਰਣ ਸੈੱਲ ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਅਤੇ ਹੋਰ ਅਧਿਕਾਰੀਆਂ ਨੇ ਰੁੱਖ ਲਗਾਏ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਮਨੁੱਖਤਾ ਦਾ ਇਹ ਫਰਜ਼ ਹੈ ਕਿ ਉਹ ਆਪਣੇ ਧਰਤੀ ਗ੍ਰਹਿ ਦੇ ਬਚਾਅ ਲਈ ਵਾਤਾਵਰਣ ਦੀ ਰੱਖਿਆ ਕਰੇ। ਦੇਸੀ ਪੌਦੇ ਲਗਾਉਣ ਬਾਰੇ ਵਿਸ਼ੇਸ਼ ਤੌਰ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਬਨਸਪਤੀ ਦੀਆਂ ਸਥਾਨਕ ਅਤੇ ਮੂਲ ਪ੍ਰਜਾਤੀਆਂ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਦਾ ਜਲਵਾਯੂ ਸੰਤੁਲਨ ਦੇ ਹਵਾਲੇ ਨਾਲ਼ ਵਿਸ਼ੇਸ਼ ਵਿਗਿਆਨਕ ਮਹੱਤਵ ਹੁੰਦਾ ਹੈ। ਦੇਸੀ ਰੁੱਖਾਂ ਨੂੰ ਪੰਜਾਬ ਦੀ ਵਿਰਾਸਤ ਦਾ ਹਿੱਸਾ ਦਸਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਇਨ੍ਹਾਂ ਵਿਰਾਸਤੀ ਰੁੱਖਾਂ ਬਾਰੇ ਗੱਲ ਚੱਲਣੀ ਇਸ ਪੱਖੋਂ ਵੀ ਅਹਿਮ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਵਾਲੇ ਨਾਲ਼ ਵਿਰਾਸਤ ਦੇ ਵਿਸ਼ੇ ਉੱਤੇ ਬਹੁਤ ਸਾਰਾ ਕਾਰਜ ਕਰਦੀ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਯੂਨੀਵਰਸਿਟੀ ਕੈਂਪਸ ਵਿਚਲੇ ਦਰਖਤਾਂ ਦੀ ਹਨ੍ਹੇਰੀ ਦੇ ਚੱਲ ਰਹੇ ਮੌਸਮ ਵਿੱਚ ਵਿਸ਼ੇਸ਼ ਦੇਖਭਾਲ਼ ਕਰਨ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਵੀ ਵਾਤਾਵਰਣ ਦੀ ਅਹਿਮੀਅਤ ਦੇ ਹਵਾਲੇ ਨਾਲ਼ ਗੱਲ ਕੀਤੀ ਗਈ। ਪ੍ਰੋ. ਹਿਮੇਂਦਰ ਭਾਰਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਣ ਸੰਕਟ ਨੂੰ ਠੀਕ ਕਰਨ ਲਈ ਸਾਨੂੰ ਜੀਵਨ ਦੇ ਹਰ ਖੇਤਰ ਵਿੱਚ ਵਾਤਾਵਰਣ ਅਨੁਕੂਲ ਪਹੁੰਚ ਅਪਨਾਉਣੀ ਚਾਹੀਦੀ ਹੈ।

Related Post