ਪੰਜਾਬੀ ਯੂਨੀਵਰਸਿਟੀ ਕੈੰਪਸ ਵਿਖੇ ਵਿਦੇਸ਼ੀ ਵਿਦਿਆਰਥੀਆਂ ਨੇ ਦਿੱਤੀਆਂ ਸ਼ਾਨਦਾਰ ਕਲਾਤਮਿਕ ਪੇਸ਼ਕਾਰੀਆਂ
- by Jasbeer Singh
- November 18, 2024
ਪੰਜਾਬੀ ਯੂਨੀਵਰਸਿਟੀ ਕੈੰਪਸ ਵਿਖੇ ਵਿਦੇਸ਼ੀ ਵਿਦਿਆਰਥੀਆਂ ਨੇ ਦਿੱਤੀਆਂ ਸ਼ਾਨਦਾਰ ਕਲਾਤਮਿਕ ਪੇਸ਼ਕਾਰੀਆਂ -ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤਹਿਤ ਕੰਮ ਕਰਦੀ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ (ਆਈ. ਸੀ. ਸੀ. ਆਰ.) ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਸਮਾਗਮ -ਪੰਜਾਬੀ ਯੂਨੀਵਰਸਿਟੀ ਵਿੱਚ ਇਸ ਸਮੇਂ 36 ਦੇਸਾਂ ਦੇ 287 ਅੰਤਰਰਾਸ਼ਟਰੀ ਵਿਦਿਆਰਥੀ ਕਰ ਰਹੇ ਹਨ ਸਿੱਖਿਆ ਹਾਸਿਲ ਪਟਿਆਲਾ, 18 ਨਵੰਬਰ : ਪੰਜਾਬੀ ਯੂਨੀਵਰਸਿਟੀ ਕੈੰਪਸ ਵਿਖੇ ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲ਼ੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਵੱਖ-ਵੱਖ ਦੇਸ਼ਾਂ ਦੇ ਸਭਿਆਚਾਰਕ ਨਾਚ ਅਤੇ ਹੋਰ ਕਲਾਤਮਕ ਵੰਨਗੀਆਂ ਵੇਖਣ ਨੂੰ ਮਿਲੀਆਂ । ਯੂਨੀਵਰਸਿਟੀ ਵਿੱਚ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤਹਿਤ ਕੰਮ ਕਰਦੀ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ (ਆਈ. ਸੀ. ਸੀ. ਆਰ.) ਵੱਲੋਂ 'ਹੋਰਾਈਜ਼ਨ ਸੀਰੀਜ਼' ਤਹਿਤ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ (ਡੀ. ਆਈ. ਐੱਸ.) ਨਾਲ਼ ਮਿਲ ਕੇ ਸਾਂਝੇ ਤੌਰ ਉੱਤੇ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਆਈ. ਸੀ. ਸੀ. ਆਰ. ਦੇ ਜ਼ੋਨਲ ਦਫ਼ਤਰ (ਉੱਤਰੀ) ਦੇ ਮੁਖੀ ਸ਼੍ਰੀ ਰਾਜ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਅਜਿਹੀਆਂ ਪਹਿਲਕਦਮੀਆਂ ਰਾਹੀਂ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਲਿਹਾਜ਼ ਨਾਲ਼ ਪੰਜਾਬੀ ਯੂਨੀਵਰਸਿਟੀ ਅਤੇ ਡੀ.ਆਈ.ਐੱਸ. ਦੇ ਯਤਨਾਂ ਦੀ ਸ਼ਲਾਘਾ ਕੀਤੀ । ਯੂਨੀਵਰਸਿਟੀ ਤੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦਾ ਵਿਸ਼ੇਸ਼ ਸਰਮਾਇਆ ਹਨ । ਯੂਨੀਵਰਸਿਟੀ ਇਨ੍ਹਾਂ ਵਿਦਿਆਰਥੀਆਂ ਦੇ ਵਿਸ਼ੇਸ਼ ਹਿਤਾਂ ਦਾ ਵਿਸ਼ੇਸ਼ ਖਿਆਲ ਰੱਖਦੀ ਹੈ ਤਾਂ ਕਿ ਕੈਂਪਸ ਵਿੱਚ ਵਿਚਰਦਿਆਂ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਆਪੋ ਆਪਣੇ ਦੇਸਾਂ ਜਾਂ ਭੂਗੋਲਿਕ ਖਿੱਤਿਆਂ ਦੀ ਪ੍ਰਤੀਨਿਧਤਾ ਕਰਨ ਵਾਲ਼ੇ ਵਿਦੇਸ਼ੀ ਵਿਦਿਆਰਥੀ ਵੱਖ-ਵੱਖ ਪਹਿਰਾਵਿਆਂ ਵਿੱਚ ਵਿਚਰਦੇ ਹੋਏ ਪੰਜਾਬੀ ਯੂਨੀਵਰਸਿਟੀ ਦੀ ਆਬੋ-ਹਵਾ ਨੂੰ ਵੰਨ-ਸੁਵੰਨਤਾ ਦੀ ਅਮੀਰੀ ਨਾਲ਼ ਭਰ ਦਿੰਦੇ ਹਨ । ਸਮਾਗਮ ਦੀ ਸ਼ੁਰੂਆਤ ਡੀਨ, ਅੰਤਰਰਾਸ਼ਟਰੀ ਮਾਮਲੇ ਪ੍ਰੋ. ਡੀ. ਕੇ. ਮਦਾਨ, ਡੀਨ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਮਹੱਤਤਾ ਦੇ ਵਿਸ਼ੇ ਉੱਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ 2013 ਤੋਂ ਆਈ. ਸੀ. ਸੀ. ਆਰ. ਸਕਾਲਰਸ਼ਿਪ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰ ਰਹੀ ਹੈ । ਇਸ ਸਮੇਂ ਪੰਜਾਬੀ ਯੂਨੀਵਰਸਿਟੀ 36 ਦੇਸਾਂ ਦੇ 287 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਪ੍ਰੋਗਰਾਮ ਦੇ ਅੰਤ ਉੱਤੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਨੇ ਧੰਨਵਾਦੀ ਭਾਸ਼ਣ ਦਿੱਤਾ । ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਉਂਦੀ ਹੈ । ਪ੍ਰੋਗਰਾਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਲਮੀ ਪਰੰਪਰਾਵਾਂ ਨੂੰ ਦਰਸਾਉਂਦੇ ਹੋਏ ਆਪਣੇ-ਆਪਣੇ ਦੇਸ਼ਾਂ ਦੇ ਫੈਸ਼ਨ ਸ਼ੋਅ ਅਤੇ ਨਾਚ ਪੇਸ਼ਕਾਰੀ ਵਰਗੀਆਂ ਮਨਮੋਹਕ ਕਿਰਿਆਵਾਂ ਪੇਸ਼ ਕੀਤੀਆਂ । ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਲਾਕਾਰ ਸ਼੍ਰੀਮਤੀ ਰੇਖਾ ਮਹਿਰਾ ਵੱਲੋਂ ਦਿੱਤੀ ਗਈ ਕਥਕ ਨਾਚ ਦੀ ਪੇਸ਼ਕਾਰੀ ਅਤੇ ਭਾਸ਼ਣ ਸੀ । ਉਨ੍ਹਾਂ ਇਸ ਕਲਾਸੀਕਲ ਭਾਰਤੀ ਨਾਚ ਵੰਨਗੀ 'ਤੇ ਆਪਣੀਆਂ ਸ਼ਾਨਦਾਰ ਅਦਾਵਾਂ ਅਤੇ ਸੂਝ-ਬੂਝ ਨਾਲ ਟਿੱਪਣੀਆਂ ਕਰ ਕੇ ਦਰਸ਼ਕਾਂ ਨੂੰ ਮੋਹ ਲਿਆ । ਇਸੇ ਤਰ੍ਹਾਂ ਸ. ਕੁਲਦੀਪ ਸਿੰਘ ਭੱਟੀ ਅਤੇ ਉਹਨਾਂ ਦੇ ਗਰੁੱਪ ਨੇ ਪੰਜਾਬੀ ਲੋਕ ਸੱਭਿਆਚਾਰ ਦੀ ਜੋਸ਼ ਅਤੇ ਭਾਵਨਾ ਨੂੰ ਦਰਸਾਉਂਦੇ ਹੋਏ ਭੰਗੜੇ ਅਤੇ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ । ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਬਰਾੜ, ਵਿੱਤ ਅਫਸਰ ਡਾ. ਪਰਮੋਦ ਅਗਰਵਾਲ, ਕੋਆਰਡੀਨਰ, ਐਮ. ਡੀ.-ਐਫ. ਵਾਈ. ਆਈ. ਪੀ. ਸਮਾਜਿਕ ਵਿਗਿਆਨ ਡਾ. ਰਾਕੇਸ਼ ਕੁਮਾਰ ਅਤੇ ਡਾਇਰੈਕਟਰ ਸਪੋਰਟ ਡਾ. ਅਜੀਤਾ ਸ਼ਾਮਿਲ ਸਨ ।
