
ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2024 ਦਾ ਵਿਦਾਇਗੀ ਸਮਾਗਮ ਅੱਜ
- by Jasbeer Singh
- November 29, 2024

ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2024 ਦਾ ਵਿਦਾਇਗੀ ਸਮਾਗਮ ਅੱਜ -ਸੂਬੇ ਭਰ ’ਚ ਰਚਾਏ ਗਏ ਮਾਹ ਦੌਰਾਨ ਅਨੇਕ ਸਮਾਗਮ ਪਟਿਆਲਾ 29 ਨਵੰਬਰ : ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦਾ ਵਿਦਾਇਗੀ ਸਮਾਰੋਹ ਭਲਕੇ (30 ਨਵੰਬਰ) ਇੱਥੇ ਭਾਸ਼ਾ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਦੌਰਾਨ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪ੍ਰਦਾਨ ਕਰਨਗੇ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਸਾਹਿਤ ਨਾਲ ਜੁੜੀਆ ਨਾਮਵਰ ਸ਼ਖਸ਼ੀਅਤਾਂ ਅਤੇ ਪੰਜਾਬੀ ਪ੍ਰੇਮੀ ਵੀ ਪੁੱਜਣਗੇ । ਸਮਾਗਮ ਦੌਰਾਨ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਸੁਨੀਲ ਸਿੰਘ ਡੋਗਰਾ ਤੇ ਸਾਥੀਆਂ ਵੱਲੋਂ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ । ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਪੰਜਾਬੀ ਮਾਹ-2024 ਦੀ ਸ਼ੁਰੂਆਤ ਬੜੇ ਖੁਸ਼ਨੁਮਾ ਤੇ ਤਸੱਲੀਬਖਸ਼ ਅੰਦਾਜ਼ ’ਚ ਹੋਈ। ਮੁੱਖ ਦਫ਼ਤਰ ਵਿਖੇ ਹੋਏ ਪੰਜਾਬੀ ਮਾਹ ਦੇ ਉਦਘਾਟਨੀ ਸਮਾਰੋਹ ਮੌਕੇ ਪਿਛਲੇ ਚਾਰ ਸਾਲਾਂ ਤੋਂ ਬਕਾਇਆ ਪਏ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਗਏ। ਪੰਜਾਬੀ ਮਾਹ ਦੌਰਾਨ ਵੱਖ-ਵੱਖ ਜ਼ਿਲਿ੍ਹਆਂ ’ਚ ਜਿੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਲਈ ਮਿਆਰੀ ਸਮਾਗਮ ਕਰਵਾਏ ਗਏ ਉੱਥੇ ਨਵੀਂ ਪਿਰਤ ਪਾਉਂਦਿਆਂ ਪੰਜਾਬ ਭਵਨ ਦਿੱਲੀ ਵਿਖੇ ਵਿਭਾਗ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਸਾਹਿਬਾਨਾਂ ਦੀਆਂ ਤਸਵੀਰਾਂ ਸ਼ੁਸ਼ੋਭਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਿਭਾਗ ਵੱਲੋਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੰਜ ਦਿਨਾ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ ਸਾਹਿਤ ਉਤਸਵ ਦੌਰਾਨ ਵੀ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਵਿਭਾਗ ਵੱਲੋਂ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੋੜ ਕੇ ਰੱਖਣ ਲਈ ਲੁਧਿਆਣਾ ਵਿਖੇ ਸਕੂਲੀ ਵਿਦਿਆਰਥੀਆਂ ਦੇ ਕਵਿਤਾ ਗਾਇਨ, ਲੇਖ/ਕਹਾਣੀ ਤੇ ਕਵਿਤਾ ਰਚਨ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਦੇ ਜੇਤੂਆਂ ਨੂੰ ਨਕਦ ਇਨਾਮ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਇਸੇ ਤਰ੍ਹਾਂ ਕਪੂਰਥਲਾ ਵਿਖੇ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਸਬੰਧਤ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਤਿੰਨ ਵਰਗਾਂ ਮਿਡਲ, ਸੈਕੰਡਰੀ ਤੇ ਕਾਲਜ ਪੱਧਰ ਲਈ ਕਰਵਾਏ ਗਏ ਅਤੇ ਜੇਤੂਆਂ ਨੂੰ ਨਕਦ ਇਨਾਮਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ਰਾਜ ਪੱਧਰੀ ਬਾਤਰੰਨੁਮ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਸ਼ਾਇਰਾਂ ਨੇ ਸ਼ਿਰਕਤ ਕੀਤੀ। ਬਠਿੰਡਾ ਵਿਖੇ ਰਾਜ ਪੱਧਰੀ ਪੰਜ ਦਿਨਾਂ ਨਾਟਕ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਨਾਟਕ ਦੇ ਮੰਚਨ ਦੇ ਨਾਲ-ਨਾਲ ਨੁੱਕੜ ਨਾਟਕਾਂ ਦੀਆਂ ਵੱਖ-ਵੱਖ ਥਾਵਾਂ ’ਤੇ ਪੇਸ਼ਕਾਰੀਆਂ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲਿ੍ਹਆਂ ’ਚ ਹੋਏ ਸਮਾਗਮਾਂ ਤਹਿਤ ਰੋਪੜ ਵਿਖੇ ਪੰਜਾਬੀ ਭਾਸ਼ਾ ਤੇ ਪ੍ਰਿੰਟ ਮੀਡੀਆ ਬਾਰੇ ਸੈਮੀਨਾਰ ਕਰਵਾਇਆ ਗਿਆ । ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ ਸਾਹਿਤਕ ਗੋਸ਼ਟੀ ਦੌਰਾਨ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਿਕਾ ਭੁਪਿੰਦਰ ਕੌਰ ਪ੍ਰੀਤ ਤੇ ਉੱਘੇ ਕਵੀ ਪ੍ਰਿੰ. ਸੁਖਦੇਵ ਸਿੰਘ ਮਠਾੜੂ ਨਾਲ ਰੂਬੁਰੂ ਕਰਵਾਇਆ । ਫਾਜ਼ਿਲਕਾ ਵਿਖੇ ਨਾਟਕ ‘ਤੂੰ ਕਿਉਂ ਕਿਹਾ ਮੈਂ ਖੂਬਸੂਰਤ ਹਾਂ’ ਦਾ ਮੰਚਨ ਕਰਵਾਇਆ ਗਿਆ । ਬਰਨਾਲਾ ਵਿਖੇ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ, ਵਿਕਾਸ ਤੇ ਭਵਿੱਖ ਬਾਰੇ ਗੋਸ਼ਟੀ ਅਤੇ ਕਹਾਣੀ ਦਰਬਾਰ ਕਰਵਾਇਆ ਗਿਆ। ਮਾਨਸਾ ਵਿਖੇ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਨ ਕੀਤਾ ਗਿਆ । ਗੁਰਦਾਸਪੁਰ ਵਿਖੇ ਪੰਜਾਬੀ ਭਾਸ਼ਾ ਤੇ ਪੰਜਾਬੀ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ ਕਰਵਾਈ ਗਈ। ਨਵਾਂ ਸ਼ਹਿਰ ਵਿਖੇ ਪੰਜਾਬੀ ਭਾਸ਼ਾ ਸਥਿਤੀ ਬਾਰੇ ਗੋਸ਼ਟੀ ਕਰਵਾਈ ਗਈ। ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਬਾਰੇ ਵਿਸ਼ੇਸ਼ ਭਾਸ਼ਨ ਤੇ ਕਵੀ ਦਰਬਾਰ ਕਰਵਾਇਆ ਗਿਆ। ਪਠਾਨਕੋਟ ਵਿਖੇ ਕਵੀ ਦਰਬਾਰ ਕਰਵਾਇਆ ਗਿਆ । ਹੁਸ਼ਿਆਰਪੁਰ ਵਿਖੇ ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ/ਨਿਰਦੇਸ਼ਕਾਂ ਦੀ ਸ਼ਮੂਲੀਅਤ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ। ਸੰਗਰੂਰ ਵਿਖੇ ਪੰਜਾਬੀ ਭਾਸ਼ਾ ਲਈ ਸਾਹਿਤ ਸਭਾਵਾਂ ਦਾ ਯੋਗਦਾਨ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਫ਼ਰੀਦਕੋਟ ਵਿਖੇ ਪੰਜਾਬੀ ਸਾਹਿਤਕ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ । ਫ਼ਿਰੋਜਪੁਰ ਵਿਖੇ ਪੰਜਾਬੀ ਨਾਟਕ ‘ਆਰ. ਐਸ. ਵੀ. ਪੀ.’ ਦਾ ਮੰਚਨ ਕਰਵਾਇਆ ਗਿਆ। ਮੋਗਾ ਵਿਖੇ ਗਜ਼ਲ ਵਰਕਸ਼ਾਪ ਕਰਵਾਈ ਗਈ । ਜਲੰਧਰ ਵਿਖੇ ਪੰਜਾਬੀ ਭਾਸ਼ਾ ਅਤੇ ਵਰਤਮਾਨ ਇਲੈਕਟ੍ਰਾਨਿਕ ਮੀਡੀਆ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ। ਅੰਮ੍ਰਿਤਸਰ ਵਿਖੇ ਪੰਜਾਬੀ ਨਾਟਕ ਬਾਰੇ ਵਰਕਸ਼ਾਪ ਲਗਾਈ ਗਈ। ਮੋਹਾਲੀ ਪੰਜਾਬੀ ਸਿਨੇਮਾ ਲਈ ਭਾਸ਼ਾਈ ਤੇ ਸੱਭਿਆਚਾਰਕ ਚੁਣੌਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ । ਸਾਰੇ ਸਮਾਗਮਾਂ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ, ਵਿਦਵਾਨਾਂ ਤੇ ਲੇਖਕਾਂ ਵੱਲੋਂ ਨਿੱਠ ਕੇ ਵਿਚਾਰ-ਚਰਚਾ ਕੀਤੀ ਗਈ। ਸਮਾਗਮਾਂ ਦੌਰਾਨ ਹਰ ਜ਼ਿਲ੍ਹੇ ’ਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸਾਰੇ ਸਮਾਗਮਾਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਕਲਾ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਜਿਸ ਨਾਲ ਭਾਸ਼ਾ ਵਿਭਾਗ ਦੇ ਉਤਸ਼ਾਹ ’ਚ ਹੋਰ ਵਾਧਾ ਹੋਇਆ ।