ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਏ ਗਏ ਕਿਸਾਨ ਜਾਗਰੂਕਤਾ ਕੈਂਪ -ਪਿੰਡ ਚਲੈਲਾ, ਫੱਗਣਮਾਜਰਾ, ਲੰਗ, ਰੌਗਲਾ, ਲਚਕਾਣੀ, ਬਾਰਨ, ਹਸਨਪੁਰ ਤੇ ਮਿਰਜ਼ਾਪੁਰ ਦੇ ਕਿਸਾਨਾਂ ਨਾਲ ਵਿਗਿਆਨਕ ਜਾਣਕਾਰੀ ਸਾਂਝੀ ਕੀਤੀ ਪਟਿਆਲਾ, 9 ਜੂਨ : ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ,ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਤਕਨੀਕੀ ਸਹਾਇਤਾ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਚਲੈਲਾ,ਫੱਗਣ ਮਾਜਰਾ, ਲੰਗ, ਰੌਗਲਾ, ਲਚਕਾਣੀ, ਬਾਰਨ, ਹਸਨਪੁਰ ਅਤੇ ਮਿਰਜ਼ਾਪੁਰ ਵਿੱਚ ਕੈਂਪ ਆਯੋਜਿਤ ਕੀਤੇ ਗਏ ਅਤੇ ਟੀਮਾਂ ਨੇ ਕਿਸਾਨਾਂ ਨਾਲ ਵਿਗਿਆਨਕ ਜਾਣਕਾਰੀ ਸਾਂਝੀ ਕੀਤੀ। ਇਸ ਅਭਿਆਨ ਬਾਰੇ ਗੱਲ ਕਰਦਿਆਂ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕੇ ਕਿਸਾਨਾਂ ਨੂੰ ਝੋਨੇ ਦੀਆਂ ਵੱਖ-ਵੱਖ ਕਿਸਮਾਂ,ਇਹਨਾਂ ਦੀ ਲੁਆਈ ਦੇ ਢੁਕਵੇਂ ਸਮੇਂ,ਖਾਦ ਪ੍ਰਬੰਧਨ, ਬਾਗਬਾਨੀ ਅਤੇ ਭੋਜਨ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਪਣੇ ਭਾਸ਼ਣ ਦੇ ਵਿੱਚ ਡਾ. ਗੁਰਉਪਦੇਸ਼ ਕੌਰ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਆਯੋਜਿਤ ਕੀਤੇ ਜਾਂਦੇ ਕਿੱਤਾ ਮੁਖੀ ਸਿਖਲਾਈ ਕੋਰਸ ਅਤੇ ਗਰਮੀਆਂ ਦੀਆ ਛੁੱਟੀਆਂ ਦੌਰਾਨ ਬੱਚਿਆਂ ਲਈ ਰਚਨਾਤਮਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਡਾ. ਰਚਨਾ ਸਿੰਗਲਾ,ਪ੍ਰੋਫੈਸਰ (ਬਾਗਬਾਨੀ) ਨੇ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਬੋਲਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੌਰਵ ਅਰੋੜਾ ਨੇ ਗੰਨੇ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਜੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਦੇ ਮਹੱਤਵ ਬਾਰੇ ਦੱਸਦਿਆਂ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਇਲਾਕੇ ਦੇ ਉੱਦਮੀ ਕਿਸਾਨ ਅਵਤਾਰ ਸਿੰਘ ਨੇ ਆਈਆਂ ਹੋਇਆਂ ਟੀਮਾਂ ਦਾ ਧੰਨਵਾਦ ਕੀਤਾ।
