
ਕਿਸਾਨ ਖਾਦ ਦੀ ਵਰਤੋਂ ਜ਼ਮੀਨ ਦੀ ਲੋੜ ਅਨੁਸਾਰ ਕਰਨ : ਮੁੱਖ ਖੇਤੀਬਾੜੀ ਅਫ਼ਸਰ
- by Jasbeer Singh
- November 8, 2024

ਕਿਸਾਨ ਖਾਦ ਦੀ ਵਰਤੋਂ ਜ਼ਮੀਨ ਦੀ ਲੋੜ ਅਨੁਸਾਰ ਕਰਨ : ਮੁੱਖ ਖੇਤੀਬਾੜੀ ਅਫ਼ਸਰ -ਡੀ. ਏ. ਪੀ. ਖਾਦ ਦੇ ਬਦਲ ਵਜੋਂ ਹੋਰਨਾਂ ਖਾਦਾਂ ਦੀ ਵਰਤੋਂ ਵੀ ਕਰਨ ਕਿਸਾਨ ਪਟਿਆਲਾ, 8 ਨਵੰਬਰ : ਪਟਿਆਲਾ ਜ਼ਿਲੇ ਵਿੱਚ ਝੋਨੇ ਦੀ ਕਟਾਈ ਮੁਕੰਮਲ ਹੋਣ ਨੇੜੇ ਹੈ ਤੇ ਕਿਸਾਨਾਂ ਵੱਲੋਂ ਕਣਕ ਤੇ ਹੋਰਨਾਂ ਫ਼ਸਲਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ । ਕਣਕ ਦੀ ਬਿਜਾਈ ਲਈ ਫਾਸਫੋਰਸ ਤੱਤ ਦੀ ਜ਼ਰੂਰਤ ਹੁੰਦੀ ਹੈ । ਪਿਛਲੇ ਸਮੇਂ ਦੌਰਾਨ ਕਿਸਾਨਾਂ ਵੱਲੋਂ ਫ਼ਸਲਾਂ ਲਈ ਲੋੜੀਂਦੇ ਫਾਸਫੋਰਸ ਤੱਤਾਂ ਦੀ ਪੂਰਤੀ ਡੀ. ਏ. ਪੀ ਖਾਦ ਤੋਂ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਫਾਸਫੋਰਸ ਤੱਤ ਦੀ ਪੂਰਤੀ ਬਾਜ਼ਾਰ ਵਿਚ ਮੌਜੂਦ ਹੋਰ ਖਾਦਾਂ ਤੋਂ ਵੀ ਕੀਤੀ ਜਾ ਸਕਦੀ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡੀ. ਏ. ਪੀ. ਦੇ ਬਦਲ ਦੇ ਤੌਰ ’ਤੇ ਬਾਜ਼ਾਰ ਵਿਚ ਹੋਰ ਬਹੁਤ ਖਾਦਾਂ ਹਨ, ਜੋ ਹਾੜੀ ਦੀਆਂ ਫ਼ਸਲਾਂ ਲਈ ਡੀ. ਏ. ਪੀ. ਖਾਦ ਜਿੰਨੀਆਂ ਹੀ ਕਾਰਗਰ ਹਨ । ਉਨਾਂ ਦੱਸਿਆ ਕਿ ਡੀ.ਏ.ਪੀ. ਵਿਚੋਂ ਫ਼ਸਲ ਨੂੰ 18 ਫ਼ੀਸਦੀ ਨਾਈਟ੍ਰੋਜਨ ਅਤੇ 46 ਫ਼ੀਸਦੀ ਫਾਸਫੋਰਸ ਖੁਰਾਕੀ ਤੱਤ ਮਿਲ ਜਾਂਦਾ ਹੈ । ਉਨਾਂ ਦੱਸਿਆ ਕਿ ਡੀ. ਏ. ਪੀ. ਖਾਦ ਦੇ ਬਦਲ ਵਜੋਂ ਬਾਜ਼ਾਰ ਵਿਚ ਹੋਰ ਖਾਦਾਂ ਜਿਵੇਂ ਟਿ੍ਰਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ, ਕਿਸਾਨ ਖਾਦ ਉਪਲਬਧ ਹਨ, ਜਿਨਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ । ਉਨਾਂ ਕਿਹਾ ਕਿ ਕਿਸਾਨ ਖਾਦ ਦੀ ਵਰਤੋਂ ਜ਼ਮੀਨ ਦੀ ਲੋੜ ਅਨੁਸਾਰ ਹੀ ਕਰਨ, ਇਸ ਲਈ ਕਿਸਾਨ ਆਪਣੇ ਖੇਤ ਦੀ ਮਿੱਟੀ ਦਾ ਟੈਸਟ ਵੀ ਜ਼ਰੂਰ ਕਰਵਾਉਣ । ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਡੀ.ਏ.ਪੀ. ਦੇ ਬਦਲ ਵਜੋਂ ਹੋਰਨਾਂ ਖਾਦਾਂ ਦੀ ਵਰਤੋਂ ਜ਼ਰੂਰ ਕਰਨ । ਉਨਾਂ ਕਿਹਾ ਕਿ ਸਮੇਂ-ਸਮੇਂ ਤੇ ਜ਼ਿਲੇ ਵਿੱਚ ਲਗਾਤਾਰ ਡੀਲਰਾਂ ਦੀਆਂ ਦੁਕਾਨਾਂ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ । ਉਨਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਖਾਦ ਅਤੇ ਦਵਾਈ ਵਿਕਰੇਤਾ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਦੁਕਾਨਦਾਰ ਖਾਦ ਦੇ ਨਾਲ ਧੱਕੇ ਨਾਲ ਦਵਾਈ ਦਿੰਦਾ ਹੈ ਜਾਂ ਬਿੱਲ ਨਹੀਂ ਦਿੰਦਾ ਤਾਂ ਉਸ ਖਿਲਾਫ਼ ਕਾਰਵਾਈ ਕਰਵਾਉਣ ਲਈ ਸਬੰਧਤ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।