ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ
- by Jasbeer Singh
- December 31, 2024
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ ਨਵੀਂ ਦਿੱਲੀ : ਭਾਰਤ ਦੇਸ਼ ਦੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2025-26 ਦੇ ਸਬੰਧ ਵਿੱਚ ਸਿਹਤ ਤੇ ਸਿੱਖਿਆ ਖੇਤਰਾਂ ਦੇ ਮਾਹਿਰਾਂ ਦੇ ਨੁਮਾਇੰਦਿਆਂ ਨਾਲ ਛੇਵੀਂ ਪ੍ਰੀ-ਬਜਟ ਮੀਟਿੰਗ ਕੀਤੀ।ਮੀਟਿੰਗ ਵਿਚ ਉਦਯੋਗਿਕ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਕਈ ਮਸ਼ਵਰੇ ਦਿੱਤੇ ਗਏ। ਵਿੱਤ ਮੰਤਰਾਲੇ ਵੱਲੋਂ ਹਰੇਕ ਸਾਲ ਮਾਹਿਰਾਂ, ਉਦਯੋਗਿਕ ਆਗੂਆਂ, ਆਰਥਿਕ ਮਾਹਿਰਾਂ ਅਤੇ ਸੂਬਿਆਂ ਦੇ ਅਧਿਕਾਰੀਆਂ ਨਾਲ ਕਈ ਪ੍ਰੀ-ਬਜਟ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਅਗਲੇ ਵਿੱਤੀ ਵਰ੍ਹੇ ਲਈ ਸਾਲਾਨਾ ਬਜਟ ਤਿਆਰ ਕਰਨ ਵਾਸਤੇ ਰਸਮੀ ਤੌਰ ’ਤੇ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਵਿੱਤ ਮੰਤਰੀ ਸੀਤਾਰਮਨ ਹੁਣ ਤੱਕ ਐੱਮਐੱਸਐੱਮਈਜ਼, ਕਿਸਾਨ ਜਥੇਬੰਦੀਆਂ ਤੇ ਆਰਥਿਕ ਮਾਹਿਰਾਂ ਸਣੇ ਵੱਖ ਵੱਖ ਭਾਈਵਾਲਾਂ ਨਾਲ ਲੜੀਵਾਰ ਮੀਟਿੰਗਾਂ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪਿਛਲੇ ਹਫ਼ਤੇ ਨੀਤੀ ਆਯੋਗ ਦੇ ਦਫ਼ਤਰ ਵਿੱਚ ਪ੍ਰਸਿੱਧ ਆਰਥਿਕ ਮਾਹਿਰਾਂ ਦੇ ਇਕ ਸਮੂਹ ਨਾਲ ਮੀਟਿੰਗ ਕੀਤੀ ਗਈ ਸੀ । ਕੇਂਦਰੀ ਬਜਟ ਪਹਿਲੀ ਫਰਵਰੀ 2025 ਨੂੰ ਪੇਸ਼ ਕੀਤਾ ਜਾਵੇਗਾ। ਇਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਅੱਠਵਾਂ ਬਜਟ ਹੋਵੇਗਾ । ਇਸ ਮੀਟਿੰਗ ਵਿੱਚ ਵਿੱਤ ਸਕੱਤਰ ਅਤੇ ਨਿਵੇਸ਼ ਤੇ ਜਨਤਕ ਅਸਾਸੇ ਪ੍ਰਬੰਧਨ ਵਿਭਾਗ (ਡੀ. ਆਈ. ਪੀ. ਏ. ਐੱਮ.) ਦੇ ਸਕੱਤਰ ਤੋਂ ਇਲਾਵਾ ਆਰਥਿਕ ਮਾਮਲਿਆਂ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਸਕੂਲ ਸਿੱਖਿਆ ਤੇ ਸਾਖ਼ਰਤਾ ਅਤੇ ਸਿਹਤ ਖੋਜ ਵਿਭਾਗਾਂ ਦੇ ਸਕੱਤਰਾਂ ਅਤੇ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵੀ ਸ਼ਾਮਲ ਹੋਏ। ਉਪਰੋਕਤ ਤੋਂ ਇਲਾਵਾ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਡਾਇਰੈਕਟਰ ਕੈਲਾਸ਼ ਸ਼ਰਮਾ, ਜਨ ਸਿਹਤ ਦੇ ਮਾਹਿਰ ਡਾ. ਅਤੁਲ ਕੋਤਵਾਲ, ਕੌਮੀ ਪ੍ਰੀਖਿਆਵਾਂ ਬੋਰਡ ਦੇ ਪ੍ਰਧਾਨ ਡਾ. ਅਭਿਜਾਤ ਸੇਠ, ਸੇਂਟ ਜੌਹਨਜ਼ ਕੌਮੀ ਸਿਹਤ ਵਿਗਿਆਨ ਅਕੈਡਮੀ ਦੇ ਪ੍ਰੋਫੈਸਰ ਡਾ. ਹਰੀ ਮੋਹਨ, ਸ੍ਰੀ ਵਿਸ਼ਵਕਰਮਾ ਹੁਨਰ ਯੂਨੀਵਰਸਿਟੀ ਹਰਿਆਣਾ ਦੇ ਉਪ ਕੁਲਪਤੀ ਪ੍ਰੋਫੈਸਰ ਰਾਜ ਨਹਿਰੂ ਆਦਿ ਤੋਂ ਇਲਾਵਾ ਵੱਖ ਵੱਖ ਅਦਾਰਿਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮਾਹਿਰਾਂ ਨੇ ਵੀ ਮੀਟਿੰਗ ਵਿੱਚ ਸ਼ਿਕਰਤ ਕੀਤੀ।ਇਸ ਤੋਂ ਪਹਿਲਾਂ ਅੱਜ ਸੀਤਾਰਮਨ ਨੇ ਇਕ ਵੱਖਰੀ ਮੀਟਿੰਗ ਵਿੱਚ ਵੱਖ ਵੱਖ ਉਦਯੋਗਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.