

ਧਰਮ ਬਦਲਵਾਉਣ ਦੇ ਦੋਸ਼ ਹੇਠ ਪੰਜ ਵਿਅਕਤੀ ਗ੍ਰਿਫ਼ਤਾਰ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ੍ਹ ਦੀ ਪੁਲਸ ਨੇ ਧਰਮ ਬਦਲਵਾਉਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਿਜਨੌਰ ਦੇ ਪੁਰਾਣਾ ਧਾਮਪੁਰ ਇਲਾਕੇ ਵਿਚ ਉਕਤ ਕਾਰਵਾਈ ਨਿਕਾਹ ਲਈ ਇਕ ਹਿੰਦੂ ਨੌਜਵਾਨ ਦਾ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿਚ ਇਕ ਕਾਜ਼ੀ ਅਤੇ ਨੌਜਵਾਨ ਦੀ ਪ੍ਰੇਮਿਕਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਕੀਤੀ ਗਈ ਹੈ । ਉਕਤ ਜਾਣਾਰੀ ਇਕ ਅਧਿਕਾਰੀ ਵਲੋਂ ਸੋਮਵਾਰ ਨੂੰ ਦਿੱਤੀ ਗਈ ਹੈ । ਵਧੀਕ ਪੁਲਸ ਕਪਤਾਨ ਧਰਮ ਸਿੰਘ ਮਰਾਚਲ ਨੇ ਦਸਿਆ ਕਿ ਇਹ ਕਾਰਵਾਈ ਜਸਵੰਤ ਸਿੰਘ ਵਾਸੀ ਪੁਰਾਣਾ ਧਾਮਪੁਰ ਵਲੋਂ ਐਤਵਾਰ ਨੂੰ ਦਿਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ । ਮਾਰਚਲ ਨੇ ਦਸਿਆ ਕਿ ਸ਼ਿਕਾਇਤਕਰਤਾ ਦੇ ਲੜਕੇ ਮੁਕੁਲ ਦੇ ਪਿੰਡ ਨਈ ਸਰਾਏ ਦੀ ਰਹਿਣ ਵਾਲੀ ਸਾਈਮਾ ਨਾਲ ਪ੍ਰੇਮ ਸਬੰਧ ਸਨ । ਉਸ ਨੇ ਦਸਿਆ ਕਿ ਪ੍ਰੇਮਿਕਾ, ਉਸ ਦੇ ਪਿਤਾ ਸ਼ਾਹਿਦ, ਮਾਂ ਰੁਖਸਾਨਾ, ਕਾਜ਼ੀ ਮੌਲਾਨਾ ਇਰਸ਼ਾਦ ਅਤੇ ਮੌਲਾਨਾ ਗੁਫਰਾਨ ਸ਼ਨੀਵਾਰ ਰਾਤ ਮੁਕੁਲ ਨੂੰ ਮਦਰੱਸੇ ਲੈ ਗਏ ਅਤੇ ਉਸ ਦਾ ਧਰਮ ਬਦਲ ਕੇ ਸਾਇਮਾ ਨਾਲ ਉਸ ਦਾ ਵਿਆਹ ਕਰਵਾ ਦਿਤਾ । ਉਨ੍ਹਾਂ ਦਸਿਆ ਕਿ ਇਸ ਮਾਮਲੇ ’ਚ ਮੌਲਾਨਾ ਇਰਸ਼ਾਦ, ਮੌਲਾਨਾ ਗੁਫਰਾਨ, ਸਾਇਮਾ ਅਤੇ ਉਸ ਦੇ ਮਾਤਾ-ਪਿਤਾ ਵਿਰੁਧ ਉੱਤਰ ਪ੍ਰਦੇਸ਼ ਗ਼ੈਰਕਾਨੂੰਨੀ ਧਰਮ ਪਰਿਵਰਤਨ ਕਾਨੂੰਨ 2021 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਰੇ ਪੰਜ ਦੋਸ਼ੀਆਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।