ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਸ਼ਨ ਚੜ੍ਹਦੀਕਲਾ ਤਹਿਤ ਮਿਲੀ ਆਰਥਿਕ ਸਹਾਇਤਾ : ਗੁਰਲਾਲ ਘਨੌਰ
- by Jasbeer Singh
- November 2, 2025
ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਸ਼ਨ ਚੜ੍ਹਦੀਕਲਾ ਤਹਿਤ ਮਿਲੀ ਆਰਥਿਕ ਸਹਾਇਤਾ : ਗੁਰਲਾਲ ਘਨੌਰ ਘਨੌਰ, 2 ਨਵੰਬਰ 2025 : ਪੰਜਾਬ ਸਰਕਾਰ ਵਲੋਂ ਮਿਸ਼ਨ ਚੜ੍ਹਦੀਕਲਾ ਤਹਿਤ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਦੀ ਭਰਪਾਈ ਕਰਨ ਦੀ ਮੁਹਿੰਮ ਅਧੀਨ, ਘਨੌਰ ਦੇ 10 ਪਿੰਡਾਂ ਵਿੱਚ 9 ਕਰੋੜ 37 ਲੱਖ ਦੀ ਰਕਮ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਦਿੱਤੀ । ਵਿਧਾਇਕ ਨੇ ਦੱਸਿਆ ਕਿ ਹਲਕਾ ਘਨੌਰ ਦੇ ਪਿੰਡ ਕਾਮੀ ਕਲਾਂ, ਗੋਬਿੰਦਗੜ੍ਹ ਦਾਖਲੀ, ਲਾਛਰੁ ਖੁਰਦ, ਲਾਛਰੂ ਕਲਾਂ, ਚਮਾਰੂ, ਕਾਮੀ ਖੁਰਦ, ਜੰਡ ਮੰਗੌਲੀ, ਉਂਟਸਰ, ਰਾਏਪੁਰ, ਨਨਹੇੜੀ ਅਤੇ ਸੰਜਰਪੁਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪ੍ਰਭਾਵਿਤ ਕਿਸਾਨਾਂ ਦੀ ਜਾਣਕਾਰੀ ਇਕੱਤਰ ਕਰਕੇ, ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ (75% ਤੋਂ 100%) ਖਰਾਬਾ ਰਕਮ ਸਿੱਧੀ ਟਰਾਂਸਫਰ ਕੀਤੀ ਗਈ ਹੈ । ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਤੇਜ਼ੀ ਨਾਲ ਕਦਮ ਚੁੱਕਦੇ ਹੋਏ, ਮੁਆਵਜ਼ਾ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਢੰਗ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਭੇਜਿਆ ਹੈ । ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਦੀ ਭਰਪਾਈ ਦੀ ਕਾਰਵਾਈ ਬਿਲਕੁਲ ਸਮੇਂ ਸਿਰ ਤੇ ਸੱਚੀ ਨੀਤੀ ਨਾਲ ਕੀਤੀ ਗਈ ਹੈ ।

