ਫਲਾਇੰਗ ਸਕੁਐਡ ਵੱਲੋਂ ਬਾਹਰੋਂ ਆਏ ਪਰਮਲ ਝੋਨੇ ਦਾ ਟਰੱਕ ਕਾਬੂ
- by Jasbeer Singh
- October 27, 2025
ਫਲਾਇੰਗ ਸਕੁਐਡ ਵੱਲੋਂ ਬਾਹਰੋਂ ਆਏ ਪਰਮਲ ਝੋਨੇ ਦਾ ਟਰੱਕ ਕਾਬੂ ਡਰਾਇਵਰ ਸਮੇਤ ਅਣਪਛਾਤੇ ਵਪਾਰੀਆਂ ਤੇ ਦਲਾਲਾਂ ਵਿਰੁੱਧ ਮਾਮਲਾ ਦਰਜ -ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਤੌਰ 'ਤੇ ਪੰਜਾਬ ਵਿਕਣ ਆਏ ਝੋਨੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ ਪਟਿਆਲਾ, 27 ਅਕਤੂਬਰ 2025 : ਬਾਹਰਲੇ ਰਾਜਾਂ ਤੋਂ ਪਰਮਲ ਝੋਨੇ ਦੀ ਫ਼ਸਲ ਨੂੰ ਪੰਜਾਬ ਵਿੱਚ ਲਿਆ ਕੇ ਅਣ ਅਧਿਕਾਰਤ ਤੌਰ 'ਤੇ ਵੇਚਣ ਵਿਰੁੱਧ ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੁਲਸ ਵੱਲੋਂ ਸਾਂਝੀ ਮੁਹਿੰਮ ਤਹਿਤ ਕੀਤੀ ਨਾਕਾਬੰਦੀ ਦੌਰਾਨ ਰਾਜਪੁਰਾ ਰੋਡ ਤੋਂ ਪੰਜਾਬ 'ਚ ਵੇਚਣ ਲਈ ਲਿਆਂਦਾ ਗਿਆ ਇੱਕ ਟਰੱਕ ਨੰਬਰ ਪੀ. ਬੀ. 06 ਏ. ਕੇ. 9782 ਨੂੰ ਕਾਬੂ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਅੰਦਰ ਬਾਹਰੇ ਰਾਜਾਂ ਤੋਂ ਝੋਨਾ ਵੇਚਣ ਲਈ ਲਿਆਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਅੰਦਰ ਝੋਨਾ ਐਮ. ਐਸ. ਪੀ. 'ਤੇ ਖਰੀਦਿਆ ਜਾਂਦਾ ਹੈ, ਜਿਸ ਲਈ ਦਲਾਲ ਸਸਤੇ ਭਾਅ ਝੋਨਾ ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ 'ਚ ਮਹਿੰਗੇ ਭਾਅ ਵੇਚਣ ਦੀ ਤਾਕ 'ਚ ਰਹਿੰਦੇ ਹਨ, ਜਿਨ੍ਹਾਂ 'ਤੇ ਨਜ਼ਰ ਰੱਖਣ ਲਈ ਜ਼ਿਲ੍ਹੇ ਭਰ 'ਚ ਨਾਕਾਬੰਦੀ ਕੀਤੀ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਅੰਦਰ ਵੇਚਣ ਲਈ ਲਿਆਂਦੇ ਜਾ ਰਹੇ ਇੱਕ ਝੋਨੇ ਦੇ ਭਰੇ ਟਰੱਕ ਨੂੰ ਕਾਬੂ ਕਰਕੇ ਥਾਣਾ ਖੇੜੀ ਗੰਢਿਆਂ ਵਿਖੇ ਬੀ. ਐਨ. ਐਸ. ਦੀਆਂ ਧਾਰਾਵਾਂ 318 (2) ਅਤੇ 61 (2) ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ । ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਰਜਪੁਰਾ ਵਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਟਰੱਕ ਡਰਾਇਵਰ ਪਵਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅਣਪਛਾਤੇ ਵਪਾਰੀਆਂ ਤੇ ਦਲਾਲਾਂ ਨੂੰ ਨਾਮਜ਼ਦ ਕੀਤਾ ਗਿਆ ਹੈ । ਫਲਾਇੰਡ ਸਕੁਐਡ ਜਿਸ 'ਚ ਇੰਸਪੈਕਟਰ ਨਰਪਿੰਦਰ ਸਿੰਘ ਤੇ ਕੁਲਦੀਪ ਸਿੰਘ ਸ਼ਾਮਲ ਸਨ, ਨੇ ਜਦੋਂ ਟਰੱਕ ਦੀ ਬਿਲ ਬਿਲਟੀ ਚੈਕ ਕੀਤੀ ਤਾਂ ਇਸ ਉਪਰ ਕਟਿੰਗ ਕਰਕੇ ਕਾਪੀ ਦੇ ਜ਼ਿਲ੍ਹਾ ਕੁਲਪਾੜਾ ਤੋਂ ਖੰਨਾ ਦੇ ਐਡਰੈਸ ਨੂੰ ਖੰਨਾ ਕੱਟ ਕੇ ਜੰਮੂ ਕੀਤਾ ਹੋਇਆ ਸੀ । ਇਹ ਬਾਹਰੋਂ ਸਸਤੀ ਜੀਰੀ ਲਿਆ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਕਾਰਵਾਈ ਹੈ, ਜਿਸ ਲਈ ਪੁਲਸ ਕੇਸ ਦਰਜ ਕਰ ਲਿਆ ਗਿਆ ਹੈ । ਡੀ. ਐਫ. ਐਸ. ਸੀ. ਨੇ ਸਪੱਸ਼ਟ ਕੀਤਾ ਕਿ ਪੰਜਾਬ ਰਾਜ ਅੰਦਰ ਜੇਕਰਰ ਕਿਸੇ ਵੀ ਪ੍ਰਕਾਰ ਦਾ ਅਨਾਜ ਲਿਆਇਆ ਜਾਣਾ ਹੁੰਦਾ ਹੈ ਤਾਂ ਉਸ ਦਾ ਬੀ. ਟੀ. ਐਸ. ਟੋਕਨ ਹੋਣਾ ਜਰੂਰੀ ਹੈ ਪਰੰਤੂ ਇਹ ਗੱਡੀ ਸ਼ੱਕੀ ਜਪੀ ਤੇ ਇਸ ਵਿੱਚ ਪਰਮਲ ਜੀਰੀ ਪਾਈ ਗਈ ਹੈ ।

