ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹੈ ਪਿੰਡ ਉਭਾਵਾਲ ਦਾ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ
- by Jasbeer Singh
- November 5, 2024
ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹੈ ਪਿੰਡ ਉਭਾਵਾਲ ਦਾ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਸੰਗਰੂਰ, 5 ਨਵੰਬਰ : ਵਾਤਾਵਰਨ ਦੀ ਸੰਭਾਲ ਅਤੇ ਸ਼ੁੱਧਤਾ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਸੰਗਰੂਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਸੰਬੰਧੀ ਜਾਗਰੂਕ ਕਰਨ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ । ਇਸੇ ਸੰਦਰਭ ਵਿੱਚ ਜ਼ਿਲ੍ਹੇ ਦੇ ਪਿੰਡ ਉਭਾਵਾਲ ਦਾ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਢੀਂਡਸਾ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ । ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਕੋਲ 30 ਏਕੜ ਕੁੱਲ ਰਕਬੇ ਦੀ ਮਾਲਕੀ ਹੈ ਅਤੇ ਸਾਲ 2021—22 ਵਿੱਚ ਇਨ੍ਹਾਂ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸੁਪਰਸੀਡਰ ਉਪਰ ਸਬਸਿਡੀ ਲਈ ਗਈ ਸੀ ਜਿਸ ਦੀ ਉਹ ਭਰਪੂਰ ਵਰਤੋਂ ਕਰ ਰਹੇ ਹਨ। ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਸੁਪਰ ਸੀਡਰ ਦੀ ਮਦਦ ਨਾਲ ਮਿੱਟੀ ਵਿੱਚ ਹੀ ਰਲਾ ਰਿਹਾ ਹੈ, ਜਿਸ ਨਾਲ ਨਾ ਕੇਵਲ ਕਣਕ ਦੀ ਫਸਲ ਦੇ ਝਾੜ ਵਿੱਚ ਵਾਧਾ ਹੋਇਆ ਹੈ ਬਲਕਿ ਮਿੱਟੀ ਦੇ ਕਾਰਬਨ ਆਰਗੈਨਿਕ ਤੱਤਾਂ ਵਿੱਚ ਵੀ ਸੁਧਾਰ ਹੋਇਆ ਹੈ । ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਝੋਨੇ ਦੀ ਵਾਢੀ ਸੁਪਰ ਐਸ ਐਮ ਐਸ ਲੱਗੀ ਮਸ਼ੀਨ ਦੁਆਰਾ ਹੀ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਕਣਕ ਦੀ ਬਿਜਾਈ ਸੁਪਰਸੀਡਰ ਨਾਲ ਆਸਾਨੀ ਨਾਲ ਹੋ ਜਾਂਦੀ ਹੈ। ਇਸ ਕਿਸਾਨ ਵੱਲੋਂ ਇਸ ਵਾਰ ਪੀ ਆਰ—126, ਪੀ ਆਰ 131 ਅਤੇ ਪੂਸਾ ਬਾਸਮਤੀ 1847 ਵਰਾਇਟੀ ਲਗਾਈ ਗਈ ਸੀ, ਜਿਸ ਦਾ 30 ਤੋਂ 32 ਕੁਇੰਟਲ ਔਸਤ ਝਾੜ ਪ੍ਰਾਪਤ ਹੋਇਆ ਹੈ । ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ, ਜਿਵੇਂ ਦੁਧਾਰੂ ਪਸ਼ੂ ਵੀ ਰੱਖਦਾ ਹੈ ਅਤੇ ਸਬਜੀਆਂ ਦੀ ਕਾਸ਼ਤ ਵੀ ਕਰਦਾ ਹੈ । ਅਮਰਜੀਤ ਸਿੰਘ ਵੱਲੋਂ ਲਗਾਤਾਰ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਵੱਲੋਂ ਕੋਈ ਵੀ ਫਸਲ ਖੇਤੀਬਾੜੀ ਵਿਭਾਗ ਦੇ ਪ੍ਰਸਾਰ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਬੀਜੀ ਜਾਂਦੀ ਹੈ । ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਚਹਿਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਦੇ ਸਾਂਭ ਸੰਭਾਲ ਲਈ ਜੰਗੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ । ਉਹਨਾਂ ਇਸ ਅਗਾਂਹਵਧੂ ਕਿਸਾਨ ਦੀ ਤਾਰੀਫ ਕਰਦਿਆਂ ਆਖਿਆ ਕਿ ਅਜਿਹੇ ਕਿਸਾਨ ਨਾ ਕੇਵਲ ਸਾਡੇ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦੇ ਹਨ ਬਲਕਿ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣ ਕੇ ਉਭਰਦੇ ਹਨ । ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਅਮਰਜੀਤ ਸਿੰਘ ਵਾਂਗੂ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਨੁੰ ਮਿੱਟੀ ਵਿੱਚ ਹੀ ਦਬਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਵਿਭਾਗ ਦੇ ਸਮੂਹ ਫੀਲਡ ਅਧਿਕਾਰੀ ਤੇ ਕਰਮਚਾਰੀ ਦਿਨ ਰਾਤ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਜੇਕਰ ਕੋਈ ਵੀ ਕਿਸਾਨ ਵੀਰ ਪਰਾਲੀ ਦੀ ਸਾਂਭ ਸੰਭਾਲ ਨਾਲ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਮਦਦ ਚਾਹੁੰਦਾ ਹੈ ਤਾਂ ਉਹ ਆਪਣੇ ਸਬੰਧਤ ਬਲਾਕ ਦੇ ਖੇਤੀਬਾੜੀ ਅਫਸਰ ਜਾਂ ਸਿੱਧੇ ਤੋਰ ਤੇ ਦਫਤਰ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.