post

Jasbeer Singh

(Chief Editor)

Punjab

ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 730 ਫੁੱਟ; 748 ਫੁੱਟ 'ਤੇ ਹੈ ਖਤਰੇ ਦਾ ਨਿਸ਼ਾਨ

post-img

ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 730 ਫੁੱਟ; 748 ਫੁੱਟ 'ਤੇ ਹੈ ਖਤਰੇ ਦਾ ਨਿਸ਼ਾਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਡਿਪਟੀ ਕਮਿਸ਼ਨਰ ਵੱਲੋਂ ਮੂਨਕ ਖੇਤਰ ਵਿਖੇ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਵੱਖ-ਵੱਖ ਵਿਭਾਗਾਂ ਅਤੇ ਪਿੰਡਾਂ ਵਾਲਿਆਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਨਿਰੰਤਰ ਨਿਗਰਾਨੀ 50,000 ਗੱਟਿਆਂ 'ਚ ਰੇਤਾ ਭਰ ਕੇ ਰੱਖਿਆ; ਹੋਰ ਗੱਟੇ ਭਰਨ ਦਾ ਕੰਮ ਜਾਰੀ ਮੂਨਕ, 30 ਜੂਨ : ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਸੰਦੀਪ ਰਿਸ਼ੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਨੇ ਅੱਜ ਮੂਨਕ ਖੇਤਰ ਵਿਖੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਹਿਤ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਮਕਰੌੜ ਸਾਹਿਬ, ਟੋਹਾਣਾ ਰੋਡ ਵਿਖੇ ਘੱਗਰ ਦਰਿਆ ਦੇ ਪੁੱਲ ਸਮੇਤ ਘੱਗਰ ਦੇ ਆਲੇ ਦੁਆਲੇ ਦੀਆਂ ਵੱਖੋ ਵੱਖ ਥਾਂਵਾਂ ਦਾ ਦੌਰਾ ਕੀਤਾ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 730 ਫੁੱਟ ਹੈ ਅਤੇ ਓਥੇ 748 ਫੁੱਟ ਤੋਂ ਖਤਰੇ ਦਾ ਨਿਸ਼ਾਨ ਸ਼ੁਰੂ ਹੁੰਦਾ ਹੈ। ਇਸ ਵੇਲੇ ਕਿਸੇ ਵੀ ਕਿਸਮ ਦੀ ਹੜ੍ਹ ਸਬੰਧੀ ਸਥਿਤੀ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰੰਤਰ ਘੱਗਰ ਦਰਿਆ 'ਚ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਹਿਰੀ ਵਿਭਾਗ, ਮਾਲ ਵਿਭਾਗ, ਪੁਲੀਸ ਅਤੇ ਹੋਰ ਵਿਭਾਗਾਂ ਵੱਲੋਂ ਨਿਰੰਤਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਜ਼ਰ ਰੱਖੀ ਜਾ ਰਹੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਕਰੌੜ ਸਾਹਿਬ ਤੋਂ ਥੱਲੇ ਨੂੰ ਦਰਿਆ ਦੀ ਚੌਡ਼ਾਈ ਘੱਟ ਜਾਂਦੀ ਹੈ ਅਤੇ ਪਾਣੀ ਦਾ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਬੀਤੇ ਸਮਿਆਂ ਵਿੱਚ ਦਰਿਆ ਵਿੱਚ ਪਾੜ ਪੈਂਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਦਰਿਆ ਦੇ ਕੰਢੇ ਚੌੜੇ ਤੇ ਮਜ਼ਬੂਤ ਕੀਤੇ ਗਏ ਹਨ, ਜਿਸ ਨਾਲ ਇਕ ਤਾਂ ਪਾੜ ਪੈਣ ਦੀ ਸੰਭਾਵਨਾ ਘੱਟ ਗਈ ਹੈ, ਦੂਜਾ ਜੇਕਰ ਲੋੜ ਪੈਂਦੀ ਹੈ ਤਾਂ ਦਰਿਆ ਦੇ ਕੰਢੇ ਉੱਤੇ ਮਸ਼ੀਨਰੀ ਸੌਖੇ ਤਰੀਕੇ ਨਾਲ ਚੱਲ ਸਕਦੀ ਹੈ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 50 ਹਜ਼ਾਰ ਗੱਟੇ ਰੇਤੇ ਦੇ ਤਿਆਰ ਰੱਖੇ ਗਏ ਹਨ ਤੇ ਹੋਰ ਗੱਟੇ ਭਰਨ ਦਾ ਕੰਮ ਜਾਰੀ ਹੈ। ਇਸ ਦੇ ਨਾਲ ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਿਵੇਂ ਹੀ ਹੜ੍ਹ ਸਬੰਧੀ ਕੋਈ ਅਲਰਟ ਪ੍ਰਾਪਤ ਹੁੰਦਾ ਹੈ ਤਾਂ ਫੌਰੀ ਹੀ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ। ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰੇ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ । ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਬੈਂਬੀ, ਐੱਸ.ਡੀ.ਐਮ ਲਹਿਰਾ ਸੂਬਾ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

Related Post