post

Jasbeer Singh

(Chief Editor)

Latest update

ਫਰੈਂਚ ਓਪਨ: ਨਡਾਲ ਤੇ ਮੱਰੇ ਪਹਿਲੇ ਗੇੜ ’ਚੋਂ ਹੀ ਬਾਹਰ

post-img

ਲਾਲ ਮਿੱਟੀ ਦਾ ਬਾਦਸ਼ਾਹ ਰਾਫੇਲ ਨਡਾਲ, ਐਂਡੀ ਮੱਰੇ ਅਤੇ ਭਾਰਤ ਦਾ ਸੁਮਿਤ ਨਾਗਲ ਇੱਥੇ ਫਰੈਂਚ ਓਪਨ ਦੇ ਪਹਿਲੇ ਗੇੜ ਵਿੱਚ ਹੀ ਹਾਰ ਕੇ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਨਡਾਲ ਅਲੈਗਜ਼ੈਂਡਰ ਜ਼ਵੇਰੇਵ ਤੋਂ 6-3 7-6(5) 6-3 ਨਾਲ ਹਾਰ ਗਿਆ। ਮੰਨਿਆ ਜਾ ਰਿਹਾ ਹੈ ਕਿ 14 ਵਾਰ ਦੇ ਚੈਂਪੀਅਨ ਦਾ ਰੋਲਾਂ ਗੈਰੋ ’ਤੇ ਇਹ ਆਖਰੀ ਮੈਚ ਸੀ। ਆਪਣੇ ਲੰਮੇ ਅਤੇ ਸੁਨਹਿਰੀ ਕਰੀਅਰ ’ਚ ਪਹਿਲੀ ਵਾਰ ਨਡਾਲ ਨੇ ਕਲੇਅ ਕੋਰਟ ’ਤੇ ਲਗਾਤਾਰ ਦੋ ਮੈਚ ਹਾਰੇ ਹਨ। ਫਰੈਂਚ ਓਪਨ ’ਚ ਪਹਿਲੀ ਵਾਰ ਉਹ ਚੌਥੇ ਗੇੜ ਤੋਂ ਪਹਿਲਾਂ ਹੀ ਬਾਹਰ ਹੋ ਗਿਆ ਹੈ। ਨਡਾਲ ਨੂੰ ਸ਼ਾਇਦ ਆਖਰੀ ਵਾਰ ਖੇਡਦੇ ਦੇਖਣ ਲਈ ਕਰੀਬ 15,000 ਦਰਸ਼ਕ ਪਹੁੰਚੇ ਜਿਨ੍ਹਾਂ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। 22 ਵਾਰ ਦਾ ਗਰੈਂਡ ਸਲੈਮ ਚੈਂਪੀਅਨ ਨਡਾਲ 3 ਜੂਨ ਨੂੰ 38 ਸਾਲ ਦਾ ਹੋ ਜਾਵੇਗਾ। ਸਟੇਨ ਵਾਵਰਿੰਕਾ ਨੇ ਇੱਥੇ ਐਂਡੀ ਮੱਰੇ ਨੂੰ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਸਵਿਟਜ਼ਰਲੈਂਡ ਦੇ ਵਾਵਰਿੰਕਾ ਨੇ ਮੱਰੇ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ 6-4, 6-4, 6-2 ਨਾਲ ਹਰਾਇਆ। ਮੱਰੇ ਖ਼ਿਲਾਫ਼ 23 ਮੈਚਾਂ ’ਚ ਵਾਵਰਿੰਕਾ ਦੀ ਇਹ 10ਵੀਂ ਜਿੱਤ ਹੈ। ਇਸੇ ਤਰ੍ਹਾਂ ਭਾਰਤ ਦੇ ਸੁਮਿਤ ਨਾਗਲ ਨੂੰ ਰੂਸ ਦੇ ਕਾਰੇਨ ਖਾਚਨੋਵ ਤੋਂ 2-6, 0-6, 6-7 (5-7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਯੂਐੱਸ ਓਪਨ ਚੈਂਪੀਅਨ ਕੋਕੋ ਗੌਫ ਨੇ ਰੂਸ ਦੀ ਜੂਲੀਆ ਆਵਦੀਵਾ ਨੂੰ 6-1, 6-1 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ।

Related Post