ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਬਾਰਨ ਤੱਕ ਸ਼ਹੀਦੀ ਜੋੜ ਮੇਲ ਦੌਰਾਨ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਅੰਦਰ ਰੱਖ
- by Jasbeer Singh
- December 9, 2024
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਬਾਰਨ ਤੱਕ ਸ਼ਹੀਦੀ ਜੋੜ ਮੇਲ ਦੌਰਾਨ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਅੰਦਰ ਰੱਖ ਕੇ ਸਹਿਯੋਗ ਦਿੱਤਾ ਜਾਵੇ ਟਰੈਫਿਕ ਮਾਰਸ਼ਲ ਟੀਮ ਦਾ ਲਿਆ ਜਾਵੇਗਾ ਸਹਿਯੋਗ : ਐਸ. ਆਈ. ਭਗਵਾਨ ਸਿੰਘ ਲਾਡੀ ਪਟਿਆਲਾ : ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਕਰਕੇ ਟਰੈਫਿਕ ਇੰਚਾਰਜ ਭਗਵਾਨ ਸਿੰਘ ਲਾਡੀ ਵਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਟੀ ਪੁਆਇੰਟ ਤੋਂ ਲੈਕੇ ਪਿੰਡ ਬਾਰਨ ਤੱਕ ਸਰਹੰਦ ਰੋਡ ਦੇ ਦੋਨੋਂ ਪਾਸੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਸੰਬਰ ਮਹੀਨਾ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਣ ਹੁੰਦਾ ਹੈ । ਉਹਨਾਂ ਕਿਹਾ ਕਿ 15 ਦਸੰਬਰ ਤੋਂ 30 ਦਸੰਬਰ ਤੱਕ ਬਹੁਤ ਵੱਡੇ ਪੱਧਰ ਤੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਮਾਲਵਾ ਖੇਤਰ ਦੇ 8-10 ਤੋਂ ਇਲਾਵਾ ਹਰਿਆਣਾ ਸੂਬੇ ਦੇ 4-5 ਜਿਲਿਆਂ ਤੋਂ ਸੰਗਤ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨਾਂ ਲਈ ਟਰੈਕਰ ਟਰਾਲੀਆਂ ਗੱਡੀਆਂ ਅਤੇ ਵਹੀਕਲਾਂ ਉੱਪਰ ਪਟਿਆਲਾ ਸ਼ਹਿਰ ਵਿੱਚੋਂ ਹੋਕੇ ਜਾਂਦੀ ਹੈ, ਜਿਸ ਕਰਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਲੈ ਕੇ ਪਿੰਡ ਬਾਰਨ ਤੱਕ ਸੜਕ ਦੇ ਦੋਨੋਂ ਪਾਸੇ ਬਹੁਤ ਜਿਆਦਾ ਭੀੜ ਹੁੰਦੀ ਹੈ । ਭਗਵਾਨ ਸਿੰਘ ਲਾਡੀ ਨੇ ਕਿਹਾ ਕਿ 20 ਦਸੰਬਰ ਤੋਂ 30 ਦਸੰਬਰ ਤੱਕ 10 ਦਿਨ ਲਈ ਦੁਕਾਨਦਾਰ ਵੀਰ ਆਪਣੀਆਂ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਮਾਨ ਅੱਗੇ ਵਧਾਕੇ ਨਾ ਰੱਖਣ ਆਪਣੇ ਸਮਾਨ ਨੂੰ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਕਿ ਆਉਣ ਜਾਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ।ਸੰਗਤਾਂ ਲਈ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਵੀ ਸੜਕ ਤੋਂ ਹੇਠਾਂ ਖਾਲੀ ਜਗ੍ਹਾ ਉੱਪਰ ਲੰਗਰ ਲਗਾਉਣ ਦੀ ਖੇਚਲ ਕਰਨ । ਉਹਨਾਂ ਕਿਹਾ ਕਿ ਸਮਾਗਮ ਦੌਰਾਨ 10 ਦਿਨ ਟਰੈਫਿਕ ਮਾਰਸ਼ਲ ਟੀਮ ਦਾ ਸਹਿਯੋਗ ਲਿਆ ਜਾਵੇਗਾ।
