

( 9-August-2024 ) : ਲੋਕ ਸਭਾ ਵਿੱਚ ਬੋਲਦਿਆਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ, ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸਨੇ ਦੁਨੀਆ ਦੇ ਮਸ਼ਹੂਰ ਗਾਇਕ “ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ ਅਤੇ ਹੁਣ ਕਹਿੰਦਾ ਹੈ ਕਿ ਸਲਮਾਨ ਖਾਨ ਨੂੰ ਮਾਰਨਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਕੋਰਟ ‘ਚ ਐਵੇਂ ਜਾਂਦਾ ਹੈ ਜਿਵੇਂ ਦੇਸ਼ ਦਾ ਗ੍ਰਹਿ ਮੰਤਰੀ ਜਾਂਦਾ ਹੋਵੇ, ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਵੀ ਉਸ ਨੇ ਇੰਟਰਵਿਊਆਂ ਦਿੱਤੀਆਂ ਅਤੇ ਕੋਈ ਪਛਤਾਵਾ ਨਹੀਂ ਦਿਖਾਇਆ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਇਸ ਗੈਂਗਸਟਰ ਦਾ ਆਤੰਕ ਚਰਮ ਸੀਮਾ ‘ਤੇ ਹੈ। ਉਹ ਵਪਾਰੀਆਂ ਤੋਂ ਫਿਰੌਤੀ ਲੈਂਦਾ ਹੈ ਅਤੇ ਜੋ ਵਪਾਰੀ ਉਸ ਨੂੰ ਫਿਰੌਤੀ ਨਹੀਂ ਦਿੰਦਾ ਉਸ ਨੂੰ ਮਾਰ ਦਿੱਤਾ ਜਾਂਦਾ ਹੈ।