ਗੇਟਵੇ ਆਫ ਪੰਜਾਬ ‘ਘਨੌਰ’ ਬਣੇਗਾ ਇੰਡਸਟਰੀ ਹੱਬ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ :- ਵਿਧਾਇਕ ਗੁਰਲਾਲ ਘਨੌਰ
- by Jasbeer Singh
- May 12, 2025
ਗੇਟਵੇ ਆਫ ਪੰਜਾਬ ‘ਘਨੌਰ’ ਬਣੇਗਾ ਇੰਡਸਟਰੀ ਹੱਬ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ :- ਵਿਧਾਇਕ ਗੁਰਲਾਲ ਘਨੌਰ -16 ਨੂੰ ਜੀ ਐਸ ਏ ਇੰਡਸਟਰੀਜ਼ ਵੱਲੋਂ ਰੁਜ਼ਗਾਰ ਮੇਲੇ ਦਾ ਆਯੋਜਨ, ਦਸਵੀਂ ਤੋਂ ਬੀ ਟੈਕ ਤੱਕ ਯੋਗ ਉਮੀਦਵਾਰ ਲੈ ਸਕਣਗੇ ਹਿੱਸਾ ਘਨੌਰ, 12 ਮਈ : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਰਫਤਾਰ ਦੇਣ ਦੇ ਯਤਨਾਂ ਤਹਿਤ ‘ਗੇਟਵੇ ਆਫ ਪੰਜਾਬ’ ਘਨੌਰ ਨੂੰ ਇੱਕ ਇੰਡਸਟਰੀਅਲ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ । ਕਿਉਂਕਿ ਇੰਡਸਟਰੀ ਹਰ ਇੱਕ ਸੂਬੇ ਦੀ ਨਬਜ਼ ਹੁੰਦੀ ਹੈ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਯਤਨਾਂ ਨੇ ਪੰਜਾਬ ਵਿੱਚ ਇੰਡਸਟਰੀ ਨੂੰ ਪ੍ਰਫੁੱਲਿਤ ਕੀਤਾ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ, 16 ਮਈ ਨੂੰ ਜੀ ਐਸ ਏ ਇੰਡਸਟਰੀ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੰਭੂ ਘਨੌਰ ਰੋਡ ਤੇ ਸਥਿਤ ਜਗਤ ਫਾਰਮ ਵਿਖੇ ਇੱਕ ਵੱਡੇ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਮੇਲੇ ਵਿੱਚ ਵੱਖ-ਵੱਖ ਯੋਗਤਾਵਾਂ ਵਾਲੇ ਨੌਜਵਾਨ ਹਿੱਸਾ ਲੈ ਸਕਣਗੇ। ਰੁਜ਼ਗਾਰ ਮੇਲੇ ਵਿੱਚ ਇੰਡਸਟਰੀ ਦੇ ਨੁਮਾਇੰਦਿਆਂ ਵੱਲੋਂ ਦਸਵੀਂ, ਬਾਰਵੀਂ, ਆਈ ਟੀ ਆਈ, ਡਿਪਲੋਮਾ, ਬੀ ਟੈਕ, ਬੀਏ ਆਦਿ ਵਿਦਿਅਕ ਯੋਗਤਾ ਦੀ ਭਰਤੀ ਸਿੱਧੀ ਤੌਰ ਤੇ ਕੀਤੀ ਜਾਵੇਗੀ ਅਤੇ ਚੋਣ ਹੋਏ ਉਮੀਦਵਾਰਾਂ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਸਰਕਾਰੀ ਨਿਯਮਾਂ ਦੇ ਅਨੁਸਾਰ ਦਿੱਤੀਆਂ ਜਾਣਗੀਆਂ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਇੰਡਸਟਰੀ ਸਥਾਪਿਤ ਹੋਣ ਨਾਲ ਜਿਥੇ ਸੂਬੇ ਦੇ ਹੋਰਨਾਂ ਹਲਕਿਆਂ ਨਾਲੋਂ ਨੌਜਵਾਨਾਂ ਅਤੇ ਹਰੇਕ ਉਮਰ ਦੇ ਲੋਕਾਂ ਨੂੰ ਵਧੇਰੇ ਰੁਜ਼ਗਾਰ ਮਿਲੇਗਾ, ਉਥੇ ਇਸ ਉਦਯੋਗਿਕ ਵਿਕਾਸ ਦੇ ਨਾਲ-ਨਾਲ ਸਿੱਧਾ ਸਥਾਨਕ ਨੌਜਵਾਨਾਂ ਨੂੰ ਲਾਭ ਪਹੁੰਚਾਏਗਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੈਮਾਨੇ 'ਤੇ ਉਦਯੋਗ ਲਗਾਏ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਦਰਵਾਜ਼ੇ ਖੁੱਲਣਗੇ । ਐਮ ਐਲ ਏ ਗੁਰਲਾਲ ਘਨੌਰ ਨੇ ਹਲਕਾ ਘਨੌਰ ਅਤੇ ਰਾਜਪੁਰਾ ਆਦਿ ਦੇ ਨਾਲ ਲੱਗਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਅਤੇ ਰੁਜ਼ਗਾਰ ਮੇਲੇ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ । ਉਨ੍ਹਾਂ ਕਿਹਾ ਕਿ "ਇਹ ਮੇਲਾ ਸਿਰਫ਼ ਇੱਕ ਨੌਕਰੀ ਦੀ ਥਾਂ ਨਹੀਂ, ਸਗੋਂ ਇਕ ਨਵੇਂ ਭਵਿੱਖ ਦੀ ਸ਼ੁਰੂਆਤ ਵੀ ਹੈ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਸਰਵਪੱਖੀ ਸੋਚ ਨਾਲ ਪਿਛਲੇ ਕੁਝ ਸਮੇਂ ਤੋਂ ਹਲਕਾ ਘਨੌਰ ਵਿੱਚ ਉਦਯੋਗਿਕ ਸਰਗਰਮੀਆਂ ਵਧੀਆਂ ਹਨ। ਸਰਕਾਰ ਵੱਲੋਂ ਦਿੱਤੇ ਜਾ ਰਹੇ ਤਜਵੀਜ਼ੀ ਪੈਕੇਜਾਂ ਅਤੇ ਮੌਜੂਦਾ ਹਮਾਇਤ ਕਾਰਨ ਇਲਾਕੇ ਵਿੱਚ ਨਵੇਂ ਉਦਯੋਗਪਤੀਆਂ ਦੀ ਰੁਚੀ ਵੀ ਵਧੀ ਹੈ। ਇਹ ਮੇਲਾ ਵੀ ਉਸੇ ਯਤਨਾਂ ਦੀ ਇੱਕ ਕੜੀ ਹੈ, ਜਿਸ ਰਾਹੀਂ ਹਲਕਾ ਘਨੌਰ ਨੂੰ ਨਵੇਂ ਰੁਪ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਰੁਜ਼ਗਾਰ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਮੇਲਾ ਇੱਕ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਯੋਗ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਬਾਇਓਡਾਟਾ, ਸਰਟੀਫਿਕੇਟ ਅਤੇ ਫੋਟੋ ਆਦਿ ਸਮੇਤ 16 ਮਈ ਨੂੰ ਸੰਭੂ-ਘਨੌਰ ਰੋਡ ਤੇ ਸਥਿਤ ਜਗਤ ਫਾਰਮ ਵਿਚ ਪਹੁੰਚਣਾ ਯਕੀਨੀ ਬਣਾਉਣ।ਸਥਾਨਕ ਪੱਧਰ 'ਤੇ ਲੋਕਾਂ ਨੇ ਵੀ ਇਸ ਪਹਿਲ ਨੂੰ ਸਰਾਹਿਆ ਅਤੇ ਕਿਹਾ ਕਿ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਵੱਡਾ ਰੁਜ਼ਗਾਰ ਮੇਲਾ ਲੱਗ ਰਿਹਾ ਹੈ ।
